ਬਠਿੰਡਾ, 18 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੀ ਮਲੋਟ ਵਾਲੀ ਸੜਕ 'ਤੇ ਪਿੰਡ ਬਹਿਮਣ ਦੀਵਾਨਾ ਵਿਖੇ ਸਥਿਤ ਰਿਜ਼ਨਲ ਗਰੁੱਪ ਆਫ਼ ਕਾਲਜਿਜ ਦੇ ਪ੍ਰਬੰਧਕਾਂ ਵਲੋਂ ਵਾਤਾਵਰਣ ਨੂੰ ਹਰਿਆ-ਭਰਿਆ ਅਤੇ ਸਾਫ਼ ਸੁਥਰਾ ਰੱਖਣ ਦਾ ਸੁਨੇਹਾ ਦਿੰਦੇ ਹੋਏ ਕਾਲਜ ਦੇ ਵਿਹੜੇ ਵਿਚ ਪੌਦੇ ਲਗਾ ਕੇ ਦੀਵਾਲੀ ਦਾ ਤਿਉਹਾਰ 'ਗਰੀਨ ਦੀਵਾਲੀ' ਦੇ ਰੂਪ ਵਿਚ ਮਨਾਇਆ ਗਿਆ | ਇਸ ਮੌਕੇ ਕਾਲਜ ਦੇ ਚੇਅਰਮੈਨ ਗੁਰਲਾਭ ਸਿੰਘ ਸਿੱਧੂ ਅਤੇ ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਤੇ ਪਿ੍ੰਸੀਪਲ ਡਾ. ਜਸਵਿੰਦਰ ਸਿੰਘ ਸੰਧੂ ਨੇ ਕਾਲਜ ਦੇ ਵਿਹੜੇ ਵਿਚ ਪੌਦੇ ਲਗਾਉਣ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਦੀਵਾਲੀ ਦੀਵਿਆਂ ਦੀ ਰੌਸ਼ਨੀਆਂ ਦਾ ਉਹ ਪਵਿੱਤਰ ਤਿਉਹਾਰ ਹੈ, ਜਿਸ ਨੂੰ ਦੇਸ਼-ਦੁਨੀਆਂ ਵਿਚ ਬੜੇ ਹੀ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਤੇ ਇਸ ਮੌਕੇ ਲੋਕ ਜਿੱਥੇ ਆਪਣੇ ਘਰਾਂ 'ਚ ਦੀਵੇ ਅਤੇ ਦੀਪਮਾਲਾ ਜਲਾ ਕੇ ਰੌਸ਼ਨੀ ਕਰਦੇ ਹਨ, ਉੱਥੇ ਖ਼ੁਸ਼ੀ ਵਿਚ ਪਟਾਖੇ ਵੀ ਚਲਾਏ ਜਾਂਦੇ ਹਨ ਪਰ ਇਨ੍ਹਾਂ ਪਟਾਖਿਆਂ 'ਚੋਂ ਨਿਕਲਣ ਵਾਲਾ ਮਾਰੂ ਧੰੂਆਂ ਸਾਡੀ ਸਿਹਤ ਦੇ ਨਾਲ-ਨਾਲ ਸਾਡੇ ਵਾਤਾਵਰਣ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ, ਜਿਸ ਲਈ ਸਾਨੂੰ ਪਟਾਖੇ ਚਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ | ਸਗੋਂ ਇਸ ਮੌਕੇ ਪੌਦੇ ਲਗਾ ਕੇ ਜਾਂ ਹੋਰ ਵਾਤਾਵਰਣ ਪੱਖੀ ਕਾਰਜ ਕਰਕੇ ਦੀਵਾਲੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ, ਜਿਸ ਦੀ ਸ਼ੁਰੂਆਤ ਉਨ੍ਹਾਂ ਨੇ ਆਪਣੇ ਕਾਲਜ ਦੇ ਵਿਹੜੇ 'ਚ ਬੂਟੇ ਲਗਾ ਕੇ ਕੀਤੀ ਹੈ | ਇਸ ਤੋਂ ਇਲਾਵਾ ਪ੍ਰਬੰਧਕਾਂ ਨੇ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਨਾਲ ਦੀਵਾਲੀ ਦੇ ਤਿਉਹਾਰ ਦਾ ਇਤਿਹਾਸ ਸਾਂਝਾ ਕਰਦਿਆਂ ਉਨ੍ਹਾਂ ਨੂੰ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੱਤੀ |