ਤਲਵੰਡੀ ਸਾਬੋ, 20 ਦਸੰਬਰ (ਰਣਜੀਤ ਸਿੰਘ ਰਾਜੂ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਤੇ ਆਏ ਤਾਜ਼ਾ ਨਤੀਜੇ ਇਸ ਗੱਲ ਦੇ ਗਵਾਹ ਹਨ ਕਿ ਲੋਕ ਪੂਰੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨਾਲ ਹਨ ਅਤੇ ਲੋਕਾਂ ਦੇ ਇਸੇ ਸਹਿਯੋਗ ਦੇ ਚੱਲਦਿਆਂ 2027 'ਚ ਸੂਬੇ ਅੰਦਰ ਅਕਾਲੀ ਦਲ ਦੀ ਸਰਕਾਰ ਬਣੇਗੀ | ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਗੱਲਬਾਤ ਦੌਰਾਨ ਕੀਤਾ | ਚੋਣ ਨਤੀਜਿਆਂ ਉਪਰੰਤ ਪਿਛਲੇ ਦਿਨਾਂ ਤੋਂ ਅਕਾਲੀ ਵਰਕਰਾਂ ਨਾਲ ਮੁਲਾਕਾਤਾਂ ਦੇ ਆਰੰਭੇ ਸਿਲਸਿਲੇ ਦੌਰਾਨ ਹੀ ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ ਰਵੀਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ 'ਆਪ' ਸਰਕਾਰ ਦੀਆਂ ਧੱਕੇਸ਼ਾਹੀਆਂ ਦੇ ਬਾਵਜੂਦ ਲੋਕਾਂ ਨੇ ਬੇਖ਼ੌਫ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ | ਇੱਥੋਂ ਤੱਕ ਕਿ ਅਕਾਲੀ ਉਮੀਦਵਾਰ ਸੱਤਾਧਿਰ ਦੇ ਧੁਰੰਤਰ ਸਮਝੇ ਜਾਂਦੇ ਆਗੂਆਂ ਦੇ ਪਿੰਡਾਂ ਚੋਂ ਵੀ ਜਿੱਤ ਹਾਸਲ ਕਰ ਗਏ | ਉਨ੍ਹਾਂ ਕਿਹਾ ਕਿ ਲੋਕਾਂ ਦਾ ਅਕਾਲੀ ਦਲ 'ਚ ਵਿਸ਼ਵਾਸ ਇਹ ਦਰਸਾਉਂਦਾ ਹੈ ਕਿ ਉਹ ਇਹ ਗੱਲ ਫਿਰ ਤੋਂ ਭਲੀਭਾਂਤ ਸਮਝ ਚੁੱਕੇ ਹਨ ਕਿ ਸੂਬੇ ਦੇ ਹਿਤਾਂ ਦੀ ਰੱਖਿਆ ਸਿਰਫ਼ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦੀ ਹੈ ਜਦੋਂਕਿ ਦਿੱਲੀ ਤੋਂ ਕੰਟਰੋਲ ਕੀਤੀਆਂ ਜਾ ਰਹੀਆਂ ਰਾਜਸੀ ਧਿਰਾਂ ਨੂੰ ਸੂਬੇ ਦੇ ਹਿਤਾਂ ਨਾਲੋਂ ਆਪਣੀ ਸਿਆਸੀ ਸ਼ਾਖ਼ ਦੀ ਜ਼ਿਆਦਾ ਫ਼ਿਕਰ ਹੈ | ਸਿੱਧੂ ਨੇ ਚੋਣਾਂ 'ਚ ਡਟਕੇ ਸੱਤਾਧਿਰ ਖਿਲਾਫ ਲੜਾਈ ਲੜਨ ਵਾਲੇ ਅਕਾਲੀ ਆਗੂਆਂ ਤੇ ਵਰਕਰਾਂ ਦਾ ਸ਼ੁਕਰੀਆ ਅਦਾ ਕਰਦਿਆਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਇਸੇ ਤਰ੍ਹਾਂ ਡਟੇ ਰਹਿਣ ਤਾਂਕਿ 2027 ਚੋਣਾਂ 'ਚ ਵੀ ਸ਼ਾਨਦਾਰ ਸਫਲਤਾ ਹਾਸਲ ਕੀਤੀ ਜਾ ਸਕੇ | ਸਿੱਧੂ ਨਾਲ ਇਸ ਮੌਕੇ ਹਲਕਾ ਆਬਜ਼ਰਵਰ ਦਵਿੰਦਰ ਸਿੰਘ ਕੋਟਬਖਤੂ, ਸਰਕਲ ਪ੍ਰਧਾਨ ਭਿੰਦਾ ਸਿੰਘ ਜੱਜਲ, ਗੁਰਨਾਮ ਸਿੰਘ ਲੇਲੇਵਾਲਾ, ਲਖਵੀਰ ਸਿੰਘ ਨਸੀਬਪੁਰਾ, ਬਲਵੰਤ ਸਿੰਘ ਨਥੇਹਾ, ਹਰਤਾਬਲ ਸਿੰਘ ਸੁੱਖੀ ਨਿੱਜੀ ਸਹਾਇਕ, ਮਨਜੀਤ ਸਿੰਘ ਭਾਗੀਵਾਂਦਰ ਆਦਿ ਆਗੂ ਮੌਜੂਦ ਸਨ |