ਬਠਿੰਡਾ, 20 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਿਖਲਾਈ ਅਧਿਕਾਰੀ, ਸੀ-ਪਾਈਟ ਕੈਂਪ ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਐਸ. ਐਸ. ਸੀ. (ਜੀ.ਡੀ) ਵਲੋਂ 25487 ਆਸਾਮੀਆਂ (ਮੇਲ ਅਤੇ ਫੀਮੇਲ) ਕੱਢੀਆਂ ਗਈਆਂ ਹਨ | ਇਨ੍ਹਾਂ ਆਸਾਮੀਆਂ ਲਈ 31 ਦਸੰਬਰ 2025 ਤੱਕ ਵੈੱਬਸਾਈਟ 'ਤੇ ਆਨ-ਲਾਈਨ ਅਪਲਾਈ ਕੀਤਾ ਜਾ ਸਕਦਾ ਹੈ | ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ (ਬਾਦਲ-ਲੰਬੀ ਰੋਡ) ਵਲੋਂ ਜ਼ਿਲ੍ਹਾ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫ਼ਾਜ਼ਿਲਕਾ ਦੇ ਨੌਜਵਾਨਾਂ ਲਈ ਐਸ. ਐਸ. ਸੀ. (ਜੀ.ਡੀ.) ਦੇ ਲਿਖਤੀ ਪੇਪਰ ਤੇ ਫ਼ਿਜ਼ੀਕਲ ਦੀ ਤਿਆਰੀ ਲਈ ਮੁਫ਼ਤ ਸਿਖਲਾਈ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉਕਤ ਜ਼ਿਲਿ੍ਹਆਂ ਦੇ ਸਿਖਲਾਈ ਲੈਣ ਦੇ ਚਾਹਵਾਨ ਨੌਜਵਾਨ ਆਨ-ਲਾਈਨ ਅਪਲਾਈ ਕਰਕੇ ਦਸਵੀਂ ਜਮਾਤ ਦੇ ਸਰਟੀਫ਼ਿਕੇਟ ਦੀ ਫੋਟੋ ਕਾਪੀ, ਆਨ-ਲਾਈਨ ਅਪਲਾਈ ਫਾਰਮ ਦੀ ਫੋਟੋ ਕਾਪੀ, ਅਧਾਰ ਕਾਰਡ ਅਤੇ ਜਾਤੀ ਸਰਟੀਫਿਕੇਟ ਦੀ ਫੋਟੋ ਕਾਪੀ ਅਤੇ 2 ਪਾਸਪੋਰਟ ਸਾਈਜ਼ ਫੋਟੋਆਂ ਸਮੇਤ ਬਾਦਲ-ਲੰਬੀ ਮੇਨ ਰੋਡ 'ਤੇ ਪੈਂਦੇ ਪਿੰਡ ਕਾਲਝਰਾਣੀ ਵਿਖੇ ਸੀ-ਪਾਈਟ ਕੈਂਪ ਵਿਚ ਨਿੱਜੀ ਤੌਰ 'ਤੇ 22 ਦਸੰਬਰ 2025 ਨੂੰ ਸਵੇਰੇ 9 ਵਜੇ ਪਹੁੰਚ ਕੇ ਸਿਖਲਾਈ ਲਈ ਰਜਿਸਟਰੇਸ਼ਨ ਕਰਵਾ ਸਕਦੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਸਿਖਲਾਈ ਦੌਰਾਨ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਾਣਾ ਅਤੇ ਰਿਹਾਇਸ਼ ਮੁਫਤ ਦਿੱਤੀ ਜਾਵੇਗੀ |