ਰਾਮਾਂ ਮੰਡੀ, 22 ਦਸੰਬਰ (ਤਰਸੇਮ ਸਿੰਗਲਾ)-ਖਾਲਸਾ ਸੇਵਾ ਦਲ ਵਲੋਂ ਅੱਜ ਸਥਾਨਕ ਸਟਾਰ ਪਲੱਸ ਕਾਨਵੇਂਟ ਸਕੂਲ ਅਤੇ ਆਰਐਮਐਮਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਮਾਗਮ ਕੀਤੇ ਗਏ | ਸਮਾਗਮ ਦੌਰਾਨ ਸੰਸਥਾ ਮੈਂਬਰ ਭੁਪਿੰਦਰ ਸਿੰਘ ਮੱਕੜ ਵਲੋਂ ਬੱਚਿਆਂ ਤੋਂ ਸ਼ਹੀਦੀ ਦਿਹਾੜਿਆਂ ਨਾਲ ਸਬੰਧੀ ਸੁਆਲ ਪੁੱਛੇ ਗਏ ਅਤੇ ਸਹੀ ਜੁਆਬ ਦੇਣ ਵਾਲੇ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਅੱਜ ਦੇ ਬੱਚਿਆਂ ਵਲੋਂ ਮੋਬਾਇਲਾਂ ਦੀ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਕਾਰਨ ਬੱਚੇ ਸ਼ਹੀਦੀ ਦਿਹਾੜਿਆਂ ਨੂੰ ਹੀ ਦੇਸ਼ ਦੇ ਦੂਸਰੇ ਸ਼ਹੀਦਾਂ ਨੂੰ ਵੀ ਭੁੱਲਦੇ ਜਾ ਰਹੇ ਹਨ | ਉਨ੍ਹਾਂ ਪ੍ਰੋਗਰਾਮ ਦੇ ਆਯੋਜਨ 'ਚ ਸਹਿਯੋਗ ਲਈ ਸਕੂਲਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਪਿ੍ੰਸੀਪਲਾਂ ਸਮੇਤ ਸਟਾਫ਼ ਦਾ ਧੰਨਵਾਦ ਕੀਤਾ | ਸਕੂਲਾਂ ਦੇ ਪਿ੍ੰਸੀਪਲਾਂ ਨੇ ਖਾਲਸਾ ਸੇਵਾ ਦਲ ਵਲੋਂ ਆਯੋਜਿਤ ਕੀਤੇ ਗਏ ਉਕਤ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸ਼ਹੀਦੀ ਦਿਹਾੜਿਆਂ ਪ੍ਰਤੀ ਜਾਗਰੂਕਤਾ ਦਾ ਮਤਲਬ ਹੈ, ਮਹਾਨ ਸ਼ਹੀਦਾਂ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ, ਸ਼ਹੀਦ ਭਗਤ ਸਿੰਘ, ਗੁਰੂ ਤੇਗ ਬਹਾਦਰ ਜੀ ਦੀਆਂ ਕੁਰਬਾਨੀਆਂ ਨੂੰ ਯਾਦ ਕਰਨਾ, ਉਨ੍ਹਾਂ ਦੇ ਸੰਘਰਸ਼ਾਂ ਅਤੇ ਵਿਚਾਰਾਂ ਨੂੰ ਸਮਝਣਾ ਅਤੇ ਉਨ੍ਹਾਂ ਦੇ ਦਿਖਾਏ ਰਾਹ 'ਤੇ ਚੱਲ ਕੇ ਦੇਸ਼-ਕੌਮ ਲਈ ਕੰਮ ਕਰਨਾ, ਤਾਂ ਜੋ ਨੌਜਵਾਨਾਂ ਵਿੱਚ ਦੇਸ਼ ਭਗਤੀ ਤੇ ਕੁਰਬਾਨੀ ਦੀ ਭਾਵਨਾ ਪੈਦਾ ਹੋ ਸਕੇ | ਅਹਿਜੇ ਪ੍ਰੋਗਰਾਮਾਂ ਦੇ ਆਯੋਜਨ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ | ਇਸ ਮੌਕੇ ਸਕੂਲ ਕਮੇਟੀਆਂ ਅਤੇ ਸਟਾਫ ਤੋਂ ਇਲਾਵਾ ਖਾਲਸਾ ਸੇਵਾ ਦਲ ਦੇ ਮੈਂਬਰ ਭੁਪਿੰਦਰ ਸਿੰਘ ਮੱਕੜ, ਜਸਪਾਲ ਸਿੰਘ, ਬਲਜੀਤ ਸਿੰਘ, ਕੇ ਪੀ ਐਸ ਅਸੀਜਾ, ਸ਼ਮਸ਼ੇਰ ਸਿੰਘ ਆਦਿ ਮੌਜੂਦ ਸਨ |