ਨਥਾਣਾ, 22 ਦਸੰਬਰ (ਗੁਰਦਰਸ਼ਨ ਲੁੱਧੜ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਵਲੋਂ ਦਸਮੇਸ਼ ਪਾਤਿਸ਼ਾਹ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਸਥਾਨਕ ਬੱਸ ਅੱਡਾ ਵਿਖੇ ਦੁੱਧ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲ ਵਾਹਨਾਂ ਦੇ ਡਰਾਈਵਰਾਂ ਵਲੋਂ ਲੰਗਰ ਦੀ ਹੱਥੀਂ ਸੇਵਾ ਕੀਤੀ ਗਈ | ਇੱਥੇ ਸੋਕ ਸਭਾ ਦੌਰਾਨ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਬਾਰੇ ਜਾਣੂੰ ਕਰਵਾਇਆ ਗਿਆ | ਸਭਾ ਨੂੰ ਸੰਬੋਧਨ ਕਰਦਿਆਂ ਸਕੂਲ ਪਿ੍ੰਸੀਪਲ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਕਿ ਪੋਹ ਦੀਆਂ ਠੰਢੀਆਂ ਰਾਤਾਂ ਵਿਚ ਭਾਈ ਮੋਤੀ ਰਾਮ ਮਹਿਰਾ ਜੀ ਵਲੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਗਰਮ ਦੁੱਧ ਛਕਾਉਣ ਦੀ ਸੇਵਾ ਮਨੁੱਖਤਾ, ਸੇਵਾ ਭਾਵਨਾ ਅਤੇ ਅਪਣੱਤ ਦੀ ਅਦਭੁਤ ਮਿਸਾਲ ਹੈ | ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਅਤੇ ਵੀਰ-ਰਸ ਕਵੀਸ਼ਰੀ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਗਈ | ਸਕੂਲ ਪ੍ਰਬੰਧਕ ਕਮੇਟੀ ਵਲੋਂ ਸਕੂਲੀ ਵਿਦਿਆਰਥੀਆਂ ਨੂੰ ਸਿੱਖ ਵਿਰਾਸਤ ਨਾਲ ਜੁੜਨ ਦਾ ਸੰਦੇਸ਼ ਦਿੱਤਾ ਗਿਆ |