ਜ਼ਿਲ੍ਹਾ ਪ੍ਰੀਸ਼ਦ-ਸੰਮਤੀ ਚੋਣ ਨਤੀਜੇ ਲੋਕਾਂ ਨੇ ਕਾਂਗਰਸ ਲੀਡਰਸ਼ਿਪ ਨੂੰ ਸਪੱਸ਼ਟ ਤੌਰ 'ਤੇ ਕੀਤਾ ਰੱਦ <br/>
ਅਜੀਤ ਡੈਸਕ
26-12-2025
ਨਥਾਣਾ, 25 ਦਸੰਬਰ -ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਅਤੇ ਬਲਾਕ ਪੰਚਾਇਤ ਸੰਮਤੀਆਂ ਨਥਾਣਾ-ਗੋਨਿਆਣਾ ਦੇ ਚੋਣ ਨਤੀਜਿਆਂ ਨੇ ਜਿੱਥੇ ਪੰਜਾਬ ਸਰਕਾਰ ਦੇ ਰਾਜ ਪ੍ਰਬੰਧ ਵਿਚ ਅਵਿਸ਼ਵਾਸ ਜਤਾਉਂਦਿਆਂ ਹੁਕਮਰਾਨ ਧਿਰ 'ਆਪ' ਨੂੰ ਨਕਾਰਿਆ ਹੈ, ਉੱਥੇ ਕਾਂਗਰਸ ਪਾਰਟੀ ਦੀ ਜ਼ਿਲ੍ਹਾ ਬਠਿੰਡਾ ਲੀਡਰਸ਼ਿਪ ਨੂੰ ਵੀ ਸਪੱਸ਼ਟ ਤੌਰ 'ਤੇ ਰੱਦ ਕਰ ਦਿੱਤਾ ਹੈ | ਕੁੱਲ 17 ਜੋਨਾਂ 'ਤੇ ਆਧਾਰਿਤ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਵਿਚ ਕਾਂਗਰਸ ਪਾਰਟੀ ਦਾ ਖਾਤਾ ਵੀ ਨਹੀਂ ਖੁੱਲ੍ਹ ਸਕਿਆ ਅਤੇ ਬਲਾਕ ਪੰਚਾਇਤ ਸੰਮਤੀਆਂ ਨਥਾਣਾ-ਗੋਨਿਆਣਾ ਦੇ ਕੁੱਲ 31 ਜੋਨਾਂ ਵਿਚੋਂ ਕਾਂਗਰਸ ਪਾਰਟੀ ਨੂੰ ਸਿਰਫ਼ ਚਾਰ ਜੋਨਾਂ ਵਿਚ ਹੀ ਥੋੜ੍ਹੇ ਫ਼ਰਕ ਨਾਲ ਜਿੱਤ ਹਾਸਲ ਹੋਈ ਹੈ | ਬਾਕੀ ਥਾਵਾਂ 'ਤੇ ਕਿੱਧਰੇ ਵੀ ਕਾਂਗਰਸ ਪਾਰਟੀ ਦੇ ਪੈਰ ਨਹੀਂ ਲੱਗ ਸਕੇ | ਚੋਣ ਨਤੀਜਿਆਂ ਦੌਰਾਨ ਬਲਾਕ ਨਥਾਣਾ ਦੇ ਲਗਭਗ ਦਰਜਨ ਪਿੰਡਾਂ ਵਿਚ ਕਾਂਗਰਸ ਪਾਰਟੀ ਦੀ ਹਾਲਤ 'ਪਾਣੀਓਾ ਪਤਲੀ ਹੋਈ' ਵੇਖੀ ਜਾ ਰਹੀ ਹੈ | ਪਿੰਡ ਪੂਹਲਾ, ਚੱਕ ਫਤਿਹ ਸਿੰਘ ਵਾਲਾ, ਕਲਿਆਣ ਸੱਦਾ ਅਤੇ ਬਾਠ ਆਦਿ ਪਿੰਡਾਂ ਵਿਚ ਕਾਂਗਰਸ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਨੇ ਹੀ ਪਛਾੜ ਦਿੱਤਾ ਹੈ, ਪਿੰਡ ਢੇਲਵਾਂ ਵਿਚ ਕਾਂਗਰਸ ਪਾਰਟੀ ਨੋਟਾ ਤੋਂ ਵੀ ਪੱਛੜ ਗਈ ਹੈ | ਹਲਕੇ ਦੇ ਵੋਟਰ ਜਿੱਥੇ ਵਰਤਮਾਨ ਰਾਜ ਸਰਕਾਰ ਅਤੇ ਮੌਜੂਦਾ ਹਲਕਾ ਵਿਧਾਇਕ ਤੋਂ ਸੰਤੁਸ਼ਟ ਨਹੀਂ ਜਾਪਦੇ, ਉੱਥੇ ਇਨ੍ਹਾਂ ਚੋਣਾਂ ਲਈ ਮਤਦਾਨ ਸਮੇਂ ਵੋਟਰਾਂ ਨੇ ਪਿਛਲੀ ਕਾਂਗਰਸ ਸਰਕਾਰ ਅਤੇ ਤਤਕਾਲੀਨ ਹਲਕਾ ਵਿਧਾਇਕ ਦੇ ਕਾਰਜਕਾਲ ਨੂੰ ਵੀ 'ਕੌੜੇ ਸਮੇਂ' ਵਜੋਂ ਹੀ ਯਾਦ ਕੀਤਾ ਹੈ | ਵਿਧਾਨ ਸਭਾ ਹਲਕਾ ਭੁੱਚੋ ਦੇ ਲਗਭਗ 85 ਫੀਸਦੀ ਦਿਹਾਤੀ ਖੇਤਰ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਪਾਰਟੀ ਨੂੰ 17 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਪਛਾੜਿਆ ਹੈ | ਵਿਧਾਨ ਸਭਾ ਚੋਣਾਂ-2027 ਲਈ ਲਗਾਏ ਜਾ ਰਹੇ ਅਗਾਊਾ ਅੰਦਾਜ਼ੇ ਇਹੋ ਸੁਨੇਹਾ ਦੇ ਰਹੇ ਹਨ ਕਿ ਕਾਂਗਰਸ ਦੀ ਮੌਜੂਦਾ ਜ਼ਿਲ੍ਹਾ ਲੀਡਰਸ਼ਿਪ ਅਤੇ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਲਈ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ 'ਮਨੋਨੀਤ ਉਮੀਦਵਾਰ' ਨੂੰ ਹਲਕੇ ਦੇ ਵੋਟਰਾਂ ਪਾਸੋਂ ਮਾਨਤਾ ਦਿਵਾਉਣੀ ਦੂਰ ਦੀ ਗੱਲ ਹੋਵੇਗੀ | ਸਿਆਸੀ ਸਮੀਖਿਆਕਾਰਾਂ ਅਨੁਸਾਰ ਵਿਧਾਨ ਸਭਾ ਚੋਣਾਂ-2017 ਤੋਂ ਬਾਅਦ ਇੱਥੇ ਕਾਂਗਰਸ ਪਾਰਟੀ ਦਾ ਗ੍ਰਾਫ਼ ਲਗਾਤਾਰ ਹੇਠਾਂ ਖਿਸਕਦਾ ਆ ਰਿਹਾ ਹੈ ਪਰ ਪਾਰਟੀ ਹਾਈਕਮਾਂਡ ਵਲੋਂ ਸਵੈਪੜਚੋਲ ਕਰਨ ਦੀ ਬਜਾਏ ਉਸੇ ਲੀਡਰਸ਼ਿਪ ਨੂੰ ਵਾਰ-ਵਾਰ ਨਿਯੱੁਕਤ ਕਰਕੇ ਅਸਫ਼ਲ ਤਜਰਬਿਆਂ ਨੂੰ ਹੀ ਦੁਹਰਾਇਆ ਜਾ ਰਿਹਾ ਹੈ | ਕਾਂਗਰਸ ਦੇ ਰਾਜਕਾਲ ਸਮੇਂ ਹਲਕੇ ਵਿਚ ਕਾਂਗਰਸੀ ਵਿਧਾਇਕ ਹੁੰਦਿਆਂ ਲੋਕ ਸਭਾ ਚੋਣਾਂ 2019 ਦੌਰਾਨ ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਹਲਕਾ ਭੁੱਚੋ ਮੰਡੀ ਵਿਚੋਂ ਬੁਰੀ ਤਰ੍ਹਾਂ ਪੱਛੜ ਗਏ ਸਨ | ਵਿਧਾਨ ਸਭਾ ਚੋਣਾਂ 2022 ਦੌਰਾਨ ਹਲਕੇ ਦੇ ਕਾਂਗਰਸ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੂੰ ਦੁਬਾਰਾ ਟਿਕਟ ਮਿਲਣ ਉਪਰੰਤ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ, ਜਦੋਂ ਕਿ ਐਮਰਜੈਂਸੀ ਅਤੇ ਬਲੂ ਸਟਾਰ ਆਪਰੇਸ਼ਨ ਉਪਰੰਤ ਕਾਂਗਰਸ ਪਾਰਟੀ ਵਿਰੁੱਧ ਬਣੀ ਲਹਿਰ ਦੌਰਾਨ ਵੀ ਇੱਥੋਂ ਕਾਂਗਰਸ ਉਮੀਦਵਾਰ ਦੀ ਜ਼ਮਾਨਤ ਜ਼ਬਤ ਨਹੀਂ ਸੀ ਹੋਈ | ਲੋਕ ਸਭਾ ਚੋਣਾਂ 2024 ਦੌਰਾਨ ਮੌਜੂਦਾ ਕਾਂਗਰਸ ਲੀਡਰਸ਼ਿਪ ਹੁੰਦਿਆਂ ਭੁੱਚੋ ਮੰਡੀ ਹਲਕੇ ਵਿਚ ਕਾਂਗਰਸ ਪਾਰਟੀ 24 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਪੱਛੜ ਕੇ ਤੀਜੇ ਸਥਾਨ 'ਤੇ ਰਹਿ ਗਈ ਸੀ | ਪਾਰਟੀ ਹਾਈਕਮਾਂਡ ਵਲੋਂ ਉਸੇ ਲੀਡਰਸ਼ਿਪ ਨੂੰ ਹੀ ਪੂਰੇ ਜ਼ਿਲ੍ਹੇ ਵਿਚ ਸਥਾਪਿਤ ਕਰਨ ਦਾ ਸਿੱਟਾ ਹੁਣੇ ਬਲਾਕ ਸੰਮਤੀ-ਜ਼ਿਲ੍ਹਾ ਪ੍ਰੀਸ਼ਦ ਚੋਣ ਨਤੀਜੇ ਆਉਣ ਉਪਰੰਤ ਚੌਥੀ ਵਾਰ ਸਾਹਮਣੇ ਆਇਆ ਹੈ | ਪਾਰਟੀ ਸਰਗਰਮੀਆਂ ਤੋਂ ਦੂਰੀ ਬਣਾ ਚੁੱਕੇ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਸੂਬਾਈ ਲੀਡਰਸ਼ਿਪ ਵਲੋਂ ਪਾਰਟੀ ਦੀਆਂ ਜਥੇਬੰਦਕ ਚੋਣਾਂ ਸਮੇਂ ਪਾਰਟੀ ਅਨੁਸ਼ਾਸਨ ਦੇ ਨਾਮ ਹੇਠ ਵਰਕਰਾਂ ਦੀ ਰਾਇ ਨੂੰ ਨਜ਼ਰਅੰਦਾਜ਼ ਤਾਂ ਕੀਤਾ ਜਾ ਸਕਦਾ ਹੈ ਪਰ ਚੋਣਾਂ ਮੌਕੇ ਲੋਕ ਫਤਵੇ ਨੂੰ ਲਗਾਤਾਰ ਨਜ਼ਰਅੰਦਾਜ਼ ਕਰਕੇ ਰਾਜਸੱਤਾ ਵੱਲ ਪੇਸ਼ਕਦਮੀ ਨਹੀਂ ਕੀਤੀ ਜਾ ਸਕਦੀ | ਸਿਆਸੀ ਸਰਗਰਮੀਆਂ ਛੱਡ ਚੁੱਕੇ ਕੁਝ ਕਾਂਗਰਸੀ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਮੁਕਤਸਰ ਜ਼ਿਲ੍ਹੇ ਦੀ ਸਿਰਫ਼ ਗਿੱਦੜਬਾਹਾ ਸੀਟ ਦੇ ਬਚਾਅ ਲਈ ਜ਼ਿਲ੍ਹਾ ਬਠਿੰਡਾ ਦੀਆਂ ਅੱਧੀ ਦਰਜਨ ਸੀਟਾਂ ਨੂੰ ਦਾਅ 'ਤੇ ਲਾਉਣ ਦਾ ਬਿਰਤਾਂਤ ਪਾਰਟੀ ਲਈ ਘਾਟੇਵੰਦ ਹੀ ਸਾਬਿਤ ਹੋ ਸਕਦਾ ਹੈ |