ਸੰਗਤ ਮੰਡੀ, 28 ਦਸੰਬਰ (ਅੰਮਿ੍ਤਪਾਲ ਸ਼ਰਮਾ)-ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਥਾਣਾ ਸੰਗਤ ਦੇ ਐੱਸ.ਐੱਚ.ਓ. ਦਲਜੀਤ ਸਿੰਘ ਇੰਸਪੈਕਟਰ ਨੂੰ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਵੱਲੋਂ ਬੀਤੀ ਰਾਤ ਮੁਅੱਤਲ ਕਰ ਦਿੱਤਾ ਗਿਆ ਹੈ | ਹਰਵਿੰਦਰ ਸਿੰਘ ਸਰਾਂ ਉੱਪ ਪੁਲਿਸ ਕਪਤਾਨ ਬਠਿੰਡਾ ਦਿਹਾਤੀ ਨੇ ਦੱਸਿਆ ਕਿ ਨਸ਼ਿਆਂ ਨੂੰ ਰੋਕਣ ਵਿਰੁੱਧ ਢਿੱਲੀ ਕਾਰਗੁਜ਼ਾਰੀ ਅਤੇ ਇਲਾਕੇ ਅੰਦਰ ਅਪਰਾਧਾਂ ਨੂੰ ਠੱਲ੍ਹ ਸਕਣ 'ਚ ਅਸਮਰੱਥ ਰਹਿਣ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਵੱਲੋਂ ਥਾਣਾ ਸੰਗਤ ਦੇ ਐੱਸ.ਐੱਚ.ਓ. ਦਲਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ | ਥਾਣਾ ਸੰਗਤ ਦੇ ਐੱਸ.ਐੱਚ.ਓ. ਦਲਜੀਤ ਸਿੰਘ ਨੂੰ ਮੁਅੱਤਲ ਕੀਤੇ ਜਾਣ ਬਾਰੇ ਇਲਾਕੇ ਅੰਦਰ ਕਈ ਤਰ੍ਹਾਂ ਦੀ ਚਰਚਾ ਛਿੜੀ ਹੋਈ ਹੈ | ਵਿਭਾਗੀ ਸੂਤਰਾਂ ਅਨੁਸਾਰ ਬੀਤੇ ਦਿਨੀਂ ਅੰਤਰਰਾਜੀ ਪੁਲਿਸ ਨਾਕਾ ਡੰੂਮਵਾਲੀ ਤੋਂ ਫੜ੍ਹੀ ਭੱੁਕੀ ਦੇ ਮਾਮਲੇ 'ਚ 3 ਵਿਅਕਤੀ ਛੱਡਣ ਅਤੇ 1 'ਤੇ ਪਰਚਾ ਦਰਜ ਕੀਤੇ ਜਾਣ ਦੀ ਖ਼ੂਬ ਚਰਚਾ ਹੋ ਰਹੀ ਹੈ, ਮਾਮਲਾ ਇਕ ਲੱਖ ਰੁਪਏ 'ਚ ਹੋਈ ਸੌਦੇਬਾਜ਼ੀ ਦਾ ਵੀ ਦੱਸਿਆ ਜਾ ਰਿਹਾ ਹੈ, ਇਸ ਤੋਂ ਇਲਾਵਾ ਐੱਸ.ਐੱਚ.ਓ. ਦਲਜੀਤ ਸਿੰਘ ਦੀ ਮੁਅੱਤਲੀ ਬਾਰੇ ਇਹ ਵੀ ਚਰਚਾ ਹੈ ਕਿ ਨਜ਼ਦੀਕੀ ਪਿੰਡ ਮਛਾਣਾ 'ਚ ਕਿਸੇ ਕੈਬਨਿਟ ਮੰਤਰੀ ਦੀ ਪੈਂਦੀ ਰਿਸ਼ਤੇਦਾਰੀ ਕਾਰਨ ਉਨ੍ਹਾਂ ਦੇ ਵਾਰ-ਵਾਰ ਫੋਨ ਕਰਨ 'ਤੇ ਵੀ ਐੱਸ.ਐੱਚ.ਓ. ਕੰਮ ਨਹੀਂ ਕਰ ਰਹੇ ਸੀ, ਜਿਸ ਕਾਰਨ ਉਚ ਅਧਿਕਾਰੀਆਂ ਦੇ ਦਖ਼ਲ ਤੋਂ ਬਾਅਦ ਹੀ ਮਛਾਣਾ ਦੇ ਦੋ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਹੋਇਆ ਹੈ, ਜਿਸ ਦਾ ਖ਼ਮਿਆਜ਼ਾ ਵੀ ਐੱਸ.ਐੱਚ.ਓ. ਨੂੰ ਭੁਗਤਣਾ ਪਿਆ ਦੱਸਿਆ ਜਾ ਰਿਹਾ ਹੈ | ਜਿਸ ਬਾਰੇ ਡੀ.ਐੱਸ.ਪੀ. ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਇਸ ਬਾਰੇ ਉਨ੍ਹਾਂ ਨੂੰ ਪੱਤਰਕਾਰਾਂ ਦੇ ਬਹੁਤ ਫੋਨ ਆ ਰਹੇ ਹਨ ਪ੍ਰੰਤੂ ਇਸ ਤਰਾਂ ਦਾ ਕੋਈ ਵੀ ਮਾਮਲਾ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ | ਉਨ੍ਹਾਂ ਦੱਸਿਆ ਕਿ ਹਿਨਾ ਗੁਪਤਾ ਐੱਸ.ਪੀ. ਬਠਿੰਡਾ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ, ਜਿਸ ਤੋਂ ਬਾਅਦ ਹੀ ਸਹੀ ਜਾਣਕਾਰੀ ਮਿਲ ਸਕੇਗੀ | ਹੁਣ ਦੇਖਣਾ ਇਹ ਹੋਵੇਗਾ ਕਿ ਐੱਸ.ਐੱਚ.ਓ. ਦਲਜੀਤ ਸਿੰਘ ਦੀ ਮੁਅੱਤਲੀ ਬਾਰੇ ਅਸਲ ਸੱਚਾਈ ਕਦੋਂ ਸਾਹਮਣੇ ਆਉਂਦੀ ਹੈ |
ਨਸ਼ਿਆਂ ਵਿਰੁੱਧ ਢਿੱਲੀ ਕਾਰਗੁਜ਼ਾਰੀ ਅਤੇ ਅਪਰਾਧ ਨਾ ਠੱਲ੍ਹ ਸਕਣ ਦੇ ਦੋਸ਼ਾਂ ਤਹਿਤ ਥਾਣਾ ਸੰਗਤ ਦਾ ਐੱਸ.ਐੱਚ.ਓ. ਮੁਅੱਤਲ <br/>
ਅਜੀਤ ਡੈਸਕ
29-12-2025