ਬਠਿੰਡਾ, 30 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਜ਼ਿਲ੍ਹਾ ਬਠਿੰਡਾ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਗਾਮੀ ਕਾਰਪੋਰੇਸ਼ਨ ਚੋਣਾਂ ਵਿਚ ਪਾਰਟੀ ਡੱਟ ਕੇ ਟਕਰਾ ਕਰੇਗੀ ਅਤੇ ਇਨ੍ਹਾਂ ਚੋਣਾਂ ਦੇ ਲਈ ਪਾਰਟੀ ਦੇ ਸਮੂਹ ਅਹੁਦੇਦਾਰ-ਮੈਂਬਰ ਹੁਣ ਤੋਂ ਤਿਆਰੀਆਂ ਖਿੱਚ ਲੈਣ | ਉਨ੍ਹਾਂ ਕਿਹਾ ਕਿ ਬਾਦਲ ਦਲ ਉਪਰੋਂ ਥੱਲੇ ਨੂੰ ਢਾਂਚਾ ਤਿਆਰ ਕਰਦਾ ਹੈ, ਪਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਸਿਧਾਂਤਾਂ 'ਤੇ ਆਧਾਰਿਤ ਪਾਰਟੀ ਹੈ, ਇਹ ਥੱਲੇ ਤੋਂ ਉੱਪਰ ਨੂੰ ਲੈ ਕੇ ਜਾਵੇਗੀ | ਇਹ ਸਭ ਤੋਂ ਪਹਿਲਾਂ ਬਲਾਕ ਜਥੇਬੰਦੀ ਜ਼ਿਲ੍ਹਾ ਜਥੇਬੰਦੀ ਅਤੇ ਫਿਰ ਉੱਪਰ ਵਾਲੀ ਜਥੇਬੰਦੀ ਮਜ਼ਬੂਤ ਕੀਤੀ ਜਾਵੇਗੀ | ਉਨ੍ਹਾਂ ਸਮੂਹ ਪੰਥਕ ਤੇ ਪੰਜਾਬ ਹਿਤੈਸ਼ੀ ਲੋਕਾਂ ਨੂੰ ਅਪੀਲ ਕੀਤੀ ਕਿ ਆਓ, ਆਪਾਂ ਸਾਰੇ ਰਲ ਕੇ ਪੰਜਾਬ ਨੂੰ ਬਚਾਉਣ ਲਈ ਇਕ ਝੰਡੇ ਥੱਲੇ ਇਕੱਤਰ ਹੋ ਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਮਜ਼ਬੂਤ ਕਰੀਏ ਤਾਂ ਕਿ ਸਾਡੇ ਬਜ਼ੁਰਗਾਂ ਵਲੋਂ ਖੜੀ ਕੀਤੀ ਜਥੇਬੰਦੀ ਦੇ ਸਿਧਾਂਤਾਂ 'ਤੇ ਪਹਿਰਾ ਦਿੰਦੇ ਹੋਏ ਜਬਰ ਜੁਲਮ ਤੇ ਅਨਿਆਂ ਦੇ ਖ਼ਿਲਾਫ਼ ਲੜਾਈ ਲੜੀ ਜਾ ਸਕੇ | ਇਸ ਦੌਰਾਨ ਉਨ੍ਹਾਂ ਪਿਛਲੇ ਦਿਨੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾਏ ਗਏ ਖ਼ੂਨਦਾਨ ਕੈਂਪ ਵਿਚ ਖ਼ੂਨਦਾਨ ਕਰਨ ਵਾਲੇ ਖ਼ੂਨਦਾਨੀਆਂ ਨੂੰ ਸਨਮਾਨਿਤ ਕੀਤਾ | ਉਨ੍ਹਾਂ ਸਮੂਹ ਪਾਰਟੀ ਵਰਕਰਾਂ ਦਾ ਧੰਨਵਾਦ ਕਰਦਿਆਂ ਸਮੂਹ ਵਰਕਰਾਂ ਨੂੰ ਤਨਦੇਹੀ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਪਾਰਟੀ ਦੇ ਬੁਲਾਰੇ ਭੋਲਾ ਸਿੰਘ ਗਿੱਲ ਪੱਤੀ ਜ਼ਿਲ੍ਹਾ ਪ੍ਰਧਾਨ ਸ਼ਹਿਰੀ, ਸੁਰਜੀਤ ਸਿੰਘ ਬੋਪਾਰਾਏ ਮੈਂਬਰ ਵਰਕਿੰਗ ਕਮੇਟੀ, ਚਰਨਜੀਤ ਸਿੰਘ ਖਿਆਲੀਵਾਲਾ, ਸੁਖਮਨਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਦਿਹਾਤੀ, ਭੁਪਿੰਦਰ ਸਿੰਘ ਸੇਮਾ, ਆਤਮਾ ਸਿੰਘ ਚਹਿਲ ਸਰਪ੍ਰਸਤ, ਰਾਜਵਿੰਦਰ ਸਿੰਘ ਰਾਣਾ ਸੀਨੀਅਰ ਮੀਤ ਪ੍ਰਧਾਨ, ਬਿਕਰਮ ਸਿੰਘ, ਭੁਪਿੰਦਰ ਸਿੰਘ, ਰਮਨਦੀਪ ਸਿੰਘ, ਗੁਰਮੀਤ ਸਿੰਘ ਰਾਠੌਰ, ਮੱਖਣ ਸਿੰਘ, ਬਲਤੇਜ ਸਿੰਘ ਟਿਵਾਣਾ, ਧਨਵੰਤ ਸਿੰਘ, ਦੀਵਾਨ ਸਿੰਘ ਡਿੱਖ, ਬਲਜਿੰਦਰ ਸਿੰਘ, ਕਿਰਪਾਲ ਸਿੰਘ, ਬਲਦੇਵ ਸਿੰਘ, ਸੁਖਦੇਵ ਸਿੰਘ ਚਾਹਲ, ਬੀਬਾ ਗੁਰਵਿੰਦਰ ਕੌਰ ਢਿੱਲੋਂ, ਬੀਬਾ ਪਰਮਜੀਤ ਕੌਰ ਆਦਿ ਆਗੂਆਂ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਆਉਣ ਵਾਲੀਆਂ ਕਾਰਪੋਰੇਸ਼ਨ ਚੋਣਾਂ ਵਿਚ ਤਨਦੇਹੀ ਨਾਲ ਲੜਾਈ ਲੜਨ ਲਈ ਆਪਣੀ ਰਾਇ ਦਿੱਤੀ¢
ਕਾਰਪੋਰੇਸ਼ਨ ਚੋਣਾਂ ਵਿਚ ਪਾਰਟੀ ਡਟ ਕੇ ਟਕਰਾਅ ਕਰੇਗੀ-ਗਿਆਨੀ ਹਰਪ੍ਰੀਤ ਸਿੰਘ <br/>
ਅਜੀਤ ਡੈਸਕ
31-12-2025