ਕੋਟਫੱਤਾ, 30 ਦਸੰਬਰ (ਰਣਜੀਤ ਸਿੰਘ ਬੁੱਟਰ)-ਨਗਰ ਕੋਟਫੱਤਾ ਦੇ ਪੰਜ ਨੰਬਰ ਵਾਰਡ ਵਿਚ ਪੈਂਦੇ ਕਈ ਘਰਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪੱਕੇ ਮਕਾਨ ਬਣਾਉਣ ਲਈ ਸਹਾਇਤਾ ਰਾਸ਼ੀ ਜਾਰੀ ਹੋਈ ਸੀ | ਲਾਭਪਾਤਰੀਆਂ ਨੇ ਆਪਣੇ ਕੱਚੇ ਮਕਾਨ ਢਾਹ ਕੇ ਪੱਕੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਤੇ ਮਕਾਨ ਬਣਕੇ ਤਿਆਰ ਵੀ ਹੋ ਗਏ, ਪਰ ਮਕਾਨ ਦੀ ਰਹਿੰਦੀ ਆਖ਼ਰੀ ਕਿਸ਼ਤ ਲਾਭਪਾਤਰੀਆਂ ਕੋਲ ਨਾ ਪਹੁੰਚਣ ਤੇ ਲਾਭਪਾਤਰੀ ਡਾਢ੍ਹੇ ਨਾਰਾਜ਼ ਹਨ | ਲਾਭਪਾਤਰੀ ਮੇਜਰ ਸਿੰਘ, ਕਾਕਾ ਸਿੰਘ, ਬਲਵੰਤ ਕੌਰ, ਭੋਲਾ ਸਿੰਘ, ਜਲੌਰ ਸਿੰਘ, ਅਮਰਜੀਤ ਕੌਰ, ਬਿੱਲੂ ਸਿੰਘ ਹਰਜਿੰਦਰ ਸਿੰਘ ਤੇ ਬਾਰੂ ਸਿੰਘ ਨੇ ਦੱਸਿਆ ਕਿ ਉਹ ਆਪਣੀ ਆਖ਼ਰੀ ਕਿਸ਼ਤ ਨੂੰ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਪਰ ਹਰ ਥਾਂ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪੈਂਦੀ ਹੈ ਆਪਣੇ ਵਾਰਡ ਦੇ ਕੌਂਸਲਰ ਇਕਬਾਲ ਸਿੰਘ ਮੇਟ ਨੂੰ ਨਾਲ ਲੈ ਕਾਰਜਸਾਧਕ ਅਫ਼ਸਰ ਨੂੰ ਮਿਲੇ ਤੇ ਉਨ੍ਹਾਂ ਨੂੰ ਬੇਨਤੀ ਕੀਤੀ ਤੇ ਜਲਦੀ ਸਾਨੂੰ ਸਾਡੇ ਮਕਾਨ ਦੀ ਆਖ਼ਰੀ ਕਿਸ਼ਤ ਜਾਰੀ ਕੀਤੀ ਜਾਵੇ |