ਮਹਿਰਾਜ, 4 ਸਤੰਬਰ (ਸੁਖਪਾਲ ਮਹਿਰਾਜ): ਇਲਾਕੇ ਦੇ ਉੱਘੇ ਖ਼ਾਨਦਾਨੀ ਪਰਿਵਾਰ ਹਰਮੇਲ ਸਿੰਘ ਨੰਬਰਦਾਰ ਪੱਤੀ ਕਾਲਾ- ਮਹਿਰਾਜ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਸਪੁੱਤਰ ਰਾਜਪਾਲ ਸਿੰਘ ਬੋਘਾ ਪਿਛਲੇ ਕੁਝ ਮਹੀਨਿਆਂ ਤੋਂ ਲੀਵਰ ਦੀ ਬਿਮਾਰੀ ਕਾਰਨ ਪੀੜਤ ਚਲੇ ਆ ਰਹੇ ਸਨ, ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ | ਉਹ ਲਗਭਗ 53 ਵਰਿ੍ਹਆਂ ਦੇ ਸਨ | ਉਨ੍ਹਾਂ ਦੀ ਮੌਤ 'ਤੇ ਇਲਾਕੇ ਦੀਆਂ ਵੱਖ-ਵੱਖ ਰਾਜਨੀਤਕ ਪਾਰਟੀਆਂ, ਧਾਰਮਿਕ ਸੰਸਥਾਵਾਂ, ਸਮਾਜਸੇਵੀ, ਪੰਚ-ਸਰਪੰਚ, ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਸਮੇਤ ਸਮੂਹ ਐਮ.ਸੀ ਸਾਹਿਬਾਨ, ਵਕੀਲ ਸਾਹਿਬਾਨ, ਡਾਕਟਰ, ਸਰਕਾਰੀ-ਗੈਰ ਸਰਕਾਰੀ ਸਕੂਲਾਂ ਦਾ ਸਟਾਫ਼, ਸਮੂਹ ਕਲੱਬ ਆਦਿ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਚਾਚਾ ਗੁਰਮੇਲ ਸਿੰਘ, ਭਰਾ ਮਨਪ੍ਰੀਤ ਸਿੰਘ ਬਰਾੜ, ਗੁਰਪ੍ਰੀਤ ਸਿੰਘ, ਵਕੀਲ ਇੰਦਰਜੀਤ ਸਿੰਘ ਤੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਕਿ ਰਾਜਪਾਲ ਸਿੰਘ ਬੋਘਾ ਦੇ ਦੇਹਾਂਤ ਕਾਰਨ ਪਏ ਘਾਟੇ ਨੂੰ ਪੂਰਾ ਕਰ ਪਾਉਣਾ ਮੁਸ਼ਕਿਲ ਹੈ | ਉਹ ਪ੍ਰਮਾਤਮਾ ਅੱਗੇ ਇਹੋ ਹੀ ਅਰਦਾਸ ਕਰਦੇ ਹਨ ਕਿ ਉਹ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਸਥਾਨ ਦੇਣ ਅਤੇ ਪਰਿਵਾਰਕ ਮੈਂਬਰਾਂ ਨੂੰ ਇਹ ਭਾਣਾ ਸਹਿਣ ਕਰਨ ਦਾ ਬਲ ਬਖ਼ਸ਼ਣ |