ਬਠਿੰਡਾ, 4 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਿਵਲ ਸਰਜਨ ਡਾ: ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾ ਤਹਿਤ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ | ਇਸ ਤੋਂ ਇਲਾਵਾ ਸਿਹਤ ਵਿਭਾਗ ਵਲੋਂ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਨੂੰ ਵੱਖ-ਵੱਖ ਤਰ੍ਹਾਂ ਦੀਆਂ ਟਰੇਨਿੰਗਾਂ ਕਰਵਾਈਆ ਜਾ ਰਹੀਆਂ ਹਨ | ਇਸੇ ਤਹਿਤ ਅੱਜ ਸਥਾਨਕ ਸਿਵਲ ਸਰਜਨ ਦਫ਼ਤਰ ਵਿਖੇ ਜ਼ਿਲ੍ਹੇ ਦੇ ਬੱਚਿਆਂ ਦੇ ਮਾਹਿਰ, ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਤੇ ਮੈਡੀਕਲ ਅਫ਼ਸਰਾਂ ਨਾਲ ਸੀਡੀਆਰ ਦੀ ਮੀਟਿੰਗ ਕੀਤੀ ਗਈ | ਇਸ ਦੌਰਾਨ ਜਣੇਪੇ ਦੌਰਾਨ ਅਤੇ ਇਕ ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀ ਮੌਤ ਦਰ ਨੂੰ ਕੰਟਰੋਲ ਕਰਨ ਸਬੰਧੀ ਚਰਚਾ ਕੀਤੀ ਗਈ | ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਬੱਚਿਆਂ ਦੀ ਮੌਤ ਦੇ ਕਾਰਨਾਂ ਦੀ ਪਛਾਣ ਅਤੇ ਰੋਕਥਾਮ ਯੋਗ ਪੱਖਾਂ ਦੀ ਚਰਚਾ, ਜਨਨੀ ਅਤੇ ਸ਼ਿਸ਼ੁ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਮਜ਼ਬੂਤ ਕਰਨਾ, ਆਸ਼ਾ ਅਤੇ ਆਂਗਣਵਾੜੀ ਕਰਮਚਾਰੀਆਂ ਰਾਹੀ ਘਰ-ਘਰ ਜਾਗਰੂਕਤਾ, ਹਾਈ ਰਿਸਕ ਪ੍ਰੈਗਨੈਂਸੀਜ਼ ਅਤੇ ਲੋ-ਬਰਥ ਵਜ਼ਨ ਬੱਚਿਆਂ ਦੀ ਨਿਗਰਾਨੀ ਲਈ ਸਿਹਤ ਵਿਭਾਗ ਦੇ ਸਟਾਫ਼ ਵਲੋਂ ਘਰ-ਘਰ ਸਰਵੇ ਕਰਕੇ ਗਰਭਵਤੀ ਮਾਵਾਂ ਅਤੇ ਬੱਚਿਆਂ ਦੀ ਵਿਸ਼ੇਸ ਦੇਖਭਾਲ ਕੀਤੀ ਜਾਂਦੀ ਹੈ | ਸਿਹਤ ਸੰਸਥਾਵਾਂ ਵਿਚ ਮਾਹਿਰਾਂ ਦੁਆਰਾ ਸੁਰੱਖਿਅਤ ਜਣੇਪੇ ਕੀਤੇ ਜਾ ਰਹੇ ਹਨ, ਬੱਚਿਆਂ ਦਾ ਸੰਪੂਰਨ ਟੀਕਾਕਰਨ ਕੀਤਾ ਜਾ ਰਿਹਾ ਹੈ, ਇਕ ਸਾਲ ਤੱਕ ਦੇ ਬੱਚਿਆਂ ਦਾ ਹਰ ਤਰ੍ਹਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ |