ਬਠਿੰਡਾ, 4 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-'ਆਪ' ਦੇ ਕਿਸਾਨ ਵਿੰਗ ਦੇ ਸੂਬਾ ਸਕੱਤਰ ਇੰਚਾਰਜ ਮਾਲਵਾ ਜੋਨ (ਪੱਛਮੀ) ਅਤੇ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਬਠਿੰਡਾ ਦੇ ਚੇਅਰਮੈਨ ਪਰਮਜੀਤ ਸਿੰਘ ਕੋਟਫੱਤਾ ਦੀ ਅਗਵਾਈ 'ਚ ਕਿਸਾਨ ਵਿੰਗ ਵਲੋਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਪਸ਼ੂਆਂ ਲਈ ਖ਼ੁਰਾਕ ਭੇਜੀ ਗਈ ਹੈ | ਇਸ ਮੌਕੇ ਚੇਅਰਮੈਨ ਕੋਟਫੱਤਾ ਨੇ ਕਿਹਾ ਕਿ ਪਹਿਲੇ ਦਿਨ ਤੋਂ ਪੰਜਾਬ ਸਰਕਾਰ ਅਤੇ ਸਮੁੱਚੀ ਪਾਰਟੀ ਹੜ੍ਹ ਪੀੜਤਾਂ ਦੀ ਮੱਦਦ ਕਰਨ ਲਈ ਡੱਟੀ ਹੋਈ ਹੈ ਤੇ ਉਸੇ ਕੜੀ ਤਹਿਤ ਅੱਜ 'ਆਪ' ਕਿਸਾਨ ਵਿੰਗ ਵਲੋਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਖੇਤਰਾਂ 'ਚ 20 ਕੁਇੰਟਲ ਪਸ਼ੂ ਖ਼ੁਰਾਕ ਭੇਜੀ ਹੈ | ਉਨ੍ਹਾਂ ਕਿਹਾ ਕਿ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਾਰਟੀ ਦੀ ਸਮੁੱਚੀ ਲੀਡਰਸ਼ਿਪ, ਮੰਤਰੀ, ਵਿਧਾਇਕ, ਚੇਅਰਮੈਨ ਅਤੇ ਜ਼ਿਲ੍ਹਾ, ਬਲਾਕ ਤੇ ਪਿੰਡ ਪੱਧਰ ਦੇ ਆਗੂ ਤੇ ਵਰਕਰ ਹੜ੍ਹ ਪੀੜਤਾਂ ਦੀ ਦਿਨ-ਰਾਤ ਮੱਦਦ ਕਰ ਰਹੇ ਹਨ ਅਤੇ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ ਦੇ ਅਹੁਦੇਦਾਰ ਅਤੇ ਵਲੰਟੀਅਰ ਜ਼ਿਲ੍ਹਾ ਫ਼ਾਜ਼ਿਲਕਾ ਅਤੇ ਬਰਨਾਲਾ, ਮੋਗਾ, ਫ਼ਰੀਦਕੋਟ ਦੇ ਅਹੁਦੇਦਾਰ ਤੇ ਵਲੰਟੀਅਰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਹੜ੍ਹ ਦੀ ਮਾਰ 'ਚ ਆਏ ਪਿੰਡਾਂ 'ਚ ਲੋਕਾਂ ਦੀ ਸਹਾਇਤਾ ਲਈ ਲਗਾਤਾਰ ਡਿਊਟੀਆਂ ਨਿਭਾ ਰਹੇ ਹਨ ਤੇ ਉੱਥੋਂ ਦੇ ਪ੍ਰਸ਼ਾਸਨ ਦਾ ਭਰਵਾਂ ਸਾਥ ਦਿੱਤਾ ਜਾ ਰਿਹਾ | ਕੋਟਫੱਤਾ ਨੇ ਕਿਹਾ ਕਿ ਹੜ੍ਹ ਪੀੜਤਾਂ ਦੀ ਹਰ ਸੰਭਵ ਮੱਦਦ ਕੀਤੀ ਜਾ ਰਹੀ ਹੈ ਤੇ ਲਗਾਤਾਰ ਜਾਰੀ ਰਹੇਗੀ | ਇਸ ਮੌਕੇ ਰਾਮ ਸਿੰਘ ਮਾਨ ਹਲਕਾ ਪ੍ਰਧਾਨ ਭੁੱਚੋ ਮੰਡੀ ਅਤੇ ਜਲੰਧਰ ਸਿੰਘ ਸਿੱਧੂ ਉਰਫ਼ ਮੱਖਣ ਕੋਠੇ ਕਾਮੇ ਕੇ ਹਲਕਾ ਪ੍ਰਧਾਨ ਬਠਿੰਡਾ ਸ਼ਹਿਰੀ ਮੌਜੂਦ ਸਨ |