ਰਾਮਾਂ ਮੰਡੀ, 25 ਸਤੰਬਰ (ਤਰਸੇਮ ਸਿੰਗਲਾ)-ਸੇਂਟ ਜੇਵੀਅਰਜ਼ ਕਾੱਨਵੇਂਟ ਸਕੂਲ ਪਿੰਡ ਜੱਜਲ ਵਿਖੇ 'ਵਿਸ਼ਵ ਪੰਜਾਬੀ ਦਿਵਸ' ਮਨਾਇਆ ਗਿਆ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਸੁਧਾਬਾਨੀ ਚੌਧਰੀ, ਡਾਇਰੈਕਟਰ ਰਾਜੇਸ਼ ਸਿੰਗਲਾ, ਐਸਐਮਸੀ ਮੈਂਬਰ ਨਰਿੰਦਰ ਕੁਮਾਰ ਗੋਇਲ ਅਤੇ ਜੈਪਾਲ ਗਰਗ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਉਨਾਂ ਵਿਦਿਆਰਥੀਆਂ ਨੂੰ ਪੰਜਾਬੀ ਦਿਵਸ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਇਹ ਦਿਵਸ ਮਨਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਨਾਲ ਜੋੜਨਾ, ਇਸ ਦੀ ਮਹੱਤਤਾ ਨੂੰ ਉਜਾਗਰ ਕਰਨਾ ਅਤੇ ਭਾਸ਼ਾ ਪ੍ਰਤੀ ਮਾਣ ਸਨਮਾਨ ਦੀ ਭਾਵਨਾ ਪੈਦਾ ਕਰਨਾ ਹੈ | ਪੰਜਾਬੀ ਭਾਸ਼ਾ ਸਿਰਫ਼ ਇਕ ਬੋਲੀ ਨਹੀਂ, ਸਗੋਂ ਸਾਡੀ ਸੱਭਿਆਚਾਰਕ ਵਿਰਾਸਤ, ਕਲਾ-ਸਾਹਿਤ ਦੀ ਪੂੰਜੀ ਅਤੇ ਰੂਹਾਨੀ ਪਹਿਚਾਣ ਹੈ | ਪੰਜਾਬੀ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਜੇਕਰ ਕੋਈ ਕੌਮ ਆਪਣੀ ਮਾਂ-ਬੋਲੀ ਨੂੰ ਭੁੱਲ ਜਾਂਦੀ ਹੈ, ਤਾਂ ਉਹ ਆਪਣੀਆਂ ਜੜਾਂ ਤੋਂ ਵਿੱਛੜ ਜਾਂਦੀ ਹੈ | ਸਮਾਰੋਹ ਦੀ ਸ਼ੁਰੂਆਤ ਸ਼ਬਦ-ਗੀਤ ਨਾਲ ਹੋਈ, ਜਿਸ ਤੋਂ ਬਾਅਦ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ ਗਏ | 'ਪੰਜਾਬੀ ਸਾਡੀਆਂ ਜੜਾਂ' ਵਿਸ਼ੇ 'ਤੇ ਹੋਏ ਵਾਦ-ਵਿਵਾਦ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਤੋਂ ਇਲਾਵਾ ਪੋਸਟਰ-ਮੇਕਿੰਗ ਮੁਕਾਬਲੇ ਰਾਹੀਂ ਵਿਦਿਆਰਥੀਆਂ ਨੇ ਆਪਣੀ ਕਲਾ ਰਾਹੀਂ ਮਾਂ-ਬੋਲੀ ਦਾ ਮਹੱਤਵ ਦਰਸਾਇਆ | ਮਾਂ-ਬੋਲੀ ਦੀ ਸੰਭਾਲ ਸਾਡੇ ਲਈ ਕਿੰਨੀ ਜ਼ਰੂਰੀ ਹੈ, ਇਸ ਸਬੰਧੀ ਇਕ ਲਘੂ ਨਾਟਕ ਵੀ ਪੇਸ਼ ਕੀਤਾ ਗਿਆ | ਸਕੂਲ ਦੇ ਪਿ੍ੰਸੀਪਲ ਸੁਧਾਬਾਨੀ ਚੌਧਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ 'ਪੰਜਾਬੀ ਭਾਸ਼ਾ ਸਾਡੀ ਰੂਹ ਦੀ ਆਵਾਜ਼ ਹੈ' | ਇਸ ਦੀ ਸੰਭਾਲ ਕਰਨਾ ਸਾਡੇ ਹਰ ਇਕ ਦੀ ਨੈਤਿਕ ਜ਼ਿੰਮੇਵਾਰੀ ਹੈ | ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਰੋਜ਼ਾਨਾ ਦੀ ਜ਼ਿੰਦਗੀ ਵਿਚ ਪੰਜਾਬੀ ਦੀ ਵਰਤੋਂ ਵਧਾਉਣ | ਸਮਾਰੋਹ ਦੇ ਅੰਤ ਵਿਚ ਸਭ ਵਿਦਿਆਰਥੀਆਂ ਵਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਸੰਕਲਪ ਲਿਆ ਗਿਆ | ਪਿ੍ੰਸੀਪਲ ਅਤੇ ਡਾਇਰੈਕਟਰ ਨੇ ਵਿਦਿਆਰਥੀਆਂ ਦੇ ਪ੍ਰਦਰਸ਼ਨਾਂ ਦੀ ਸ਼ਲਾਘਾ ਕੀਤੀ ਅਤੇ ਸਭ ਨੂੰ ਆਪਣੀ ਮਾਂ-ਬੋਲੀ 'ਤੇ ਮਾਣ ਕਰਨ ਲਈ ਪ੍ਰੇਰਿਤ ਕੀਤਾ |