ਸੀਂਗੋ ਮੰਡੀ, 25 ਸਤੰਬਰ (ਪਿ੍ੰਸ ਗਰਗ)-ਆਪਣਾ ਪੰਜਾਬ ਫਾਊਾਡੇਸ਼ਨ ਅਤੇ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ ਦੇ ਸੱਦੇ 'ਤੇ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋਗੇਵਾਲਾ ਵਲੋਂ ਵਿਸ਼ਵ ਪੰਜਾਬ ਦਿਵਸ ਮਨਾਇਆ ਗਿਆ | ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪਿ੍ੰਸੀਪਲ ਗੁਰਪ੍ਰੀਤ ਸਿੰਘ ਜੋਗੇਵਾਲਾ ਨੇ ਦੱਸਿਆ ਕਿ ਇਸ ਦਿਨ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਪੰਜਾਬੀ ਪਹਿਰਾਵੇ ਵਿਚ ਆਏ ਅਤੇ ਨਿਰੋਲ ਪੰਜਾਬੀ ਭਾਸ਼ਾ ਵਿਚ ਗੱਲਬਾਤ ਕੀਤੀ | ਇਸ ਦਿਨ ਵਿਦਿਆਰਥੀਆਂ ਨੇ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਮੁਕਾਬਲਾ, ਸ਼ਬਦ ਜੋੜ ਮੁਕਾਬਲਾ, ਬੋਲ-ਲਿਖਤ, ਸਵਾਲ-ਜਵਾਬ ਮੁਕਾਬਲਾ, ਪੋਸਟਰ ਮੁਕਾਬਲਾ, ਪੰਜਾਬੀ ਭਾਸ਼ਾ ਵਿਚ ਨਾਅਰਾ ਲਿਖਣਾ, ਅੱਖਰਕਾਰੀ ਮੁਕਾਬਲੇ ਵਿਚ ਹਿੱਸਾ ਲਿਆ | ਉਨ੍ਹਾਂ ਦੱਸਿਆ ਕਿ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਆਪਣਾ ਪੰਜਾਬ ਫਾਊਾਡੇਸ਼ਨ ਵਲੋਂ ਇਹ ਇਕ ਨਵਾਂ ਆਰੰਭ ਹੋ ਚੁੱਕਾ ਹੈ | ਡਾ. ਧੂਰੀ ਮੁਤਾਬਕ ਸਦੀਆਂ ਤੋਂ ਪੰਜਾਬੀਆਂ ਦੀ ਸੱਭਿਆਚਾਰਕ ਅਤੇ ਸਾਹਿਤਕ ਬੋਲੀ ਦਾ ਹੱਕ ਬਣਦਾ ਹੈ ਕਿ ਵਿਸ਼ਵ ਵਿਚ ਵੱਸਦੇ ਸਮੂਹ ਪੰਜਾਬੀ ਹਰ ਸਾਲ ਇਕ ਦਿਨ ਵਿਸ਼ਵ ਪੰਜਾਬੀ ਦਿਵਸ ਵਜੋਂ ਮਨਾਉਣ | ਪੰਜਾਬੀ ਬੋਲੀ ਨੂੰ ਇਹ ਹੱਕ ਦੇਣ ਲਈ ਆਪਣਾ ਪੰਜਾਬ ਫਾਊਾਡੇਸ਼ਨ ਵਲੋਂ ਬਾਬਾ ਫ਼ਰੀਦ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ ਹਰ ਸਾਲ 23 ਸਤੰਬਰ ਨੂੰ ਵਿਸ਼ਵ ਪੰਜਾਬੀ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਲਿਆ ਗਿਆ ਹੈ | ਬਾਬਾ ਫ਼ਰੀਦ ਜੀ ਪੰਜਾਬੀ ਦੇ ਪਹਿਲੇ ਸਿਰਮੌਰ ਕਵੀਆਂ ਵਿਚੋਂ ਹਨ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਸਥਾਨ ਦੇ ਕੇ ਸਤਿਕਾਰਿਆ ਗਿਆ ਹੈ | ਪ੍ਰੋਗਰਾਮ ਦੀ ਸ਼ੁਰੂਆਤ ਸੰਸਥਾ ਦੇ ਐਮ. ਡੀ. ਹਰਪ੍ਰੀਤ ਸਿੰਘ ਬਰਾੜ ਵਲੋਂ ਕਰਵਾਈ | ਇਸ ਸਮੇਂ ਅੱਜ ਦੇ ਪ੍ਰੋਗਰਾਮ ਦੇ ਸੰਚਾਲਕ ਜਸਕਰਨ ਸਿੰਘ, ਕੋਆਰਡੀਨੇਟਰ ਸਤਵੀਰ ਕੌਰ, ਹਾਊਸ ਹੈਡ ਵੀਰਪਾਲ ਕੌਰ, ਕੈਂਪਸ ਮੈਨੇਜਰ ਅਮਨਵੀਰ ਕੌਰ, ਭੀਮ ਸ਼ਰਮਾ ਸੀਨੀਅਰ ਅਧਿਆਪਕ, ਬਸੰਤ ਸਿੰਘ ਇੰਚਾਰਜ ਗਤੀਵਿਧੀਆਂ ਨੇ ਆਪਣੀਆ ਬਣਦੀਆਂ ਜ਼ਿੰਮੇਵਾਰੀਆਂ ਨਿਭਾਈਆਂ |