ਸੰਗਤ ਮੰਡੀ, 23 ਦਸੰਬਰ (ਸੁਖਤੇਜ ਧਾਲੀਵਾਲ)-ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨਾਲ ਚੋਣਾਂ ਸਮੇਂ ਕੀਤੇ ਗਏ ਵਾਅਦੇ ਅਜੇ ਤੱਕ ਵੀ ਪੂਰੇ ਨਹੀਂ ਕੀਤੇ ਗਏ, ਜਿਸ ਨੂੰ ਲੈ ਕੇ ਜਥੇਬੰਦੀ ਅੰਦਰ ਪੰਜਾਬ ਸਰਕਾਰ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਹ ਗੱਲ ਪਿੰਡ ਕੋਟਗੁਰੂ ਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਸੰਗਤ ਦੀ ਮਹੀਨਾਵਾਰ ਮੀਟਿੰਗ ਦੌਰਾਨ ਬਲਾਕ ਪ੍ਰਧਾਨ ਡਾ: ਗੁਰਦੀਪ ਸਿੰਘ ਘੁੱਦਾ ਨੇ ਪ੍ਰੈਸ ਬਿਆਨ ਰਾਹੀਂ ਕਹੀ | ਉਨ੍ਹਾਂ ਕਿਹਾ ਕਿ ਵੋਟਾਂ ਸਮੇਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਬਣਦਿਆਂ ਹੀ ਪਹਿਲ ਦੇ ਆਧਾਰ 'ਤੇ ਪੂਰਾ ਕਰ ਦਿੱਤਾ ਜਾਵੇਗਾ | ਪਰ ਚਾਰ ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਪੂਰਾ ਨਹੀਂ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮੰਗਾਂ ਸਬੰਧੀ ਜਥੇਬੰਦੀ ਦੇ ਆਗੂਆਂ ਵਲੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੋਂ ਇਲਾਵਾ ਹੋਰਨਾਂ ਮੰਤਰੀਆਂ ਨੂੰ ਵੀ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਪਰ ਕਿਸੇ ਨੇ ਵੀ ਸਿਵਾਏ ਝੂਠੇ ਲਾਰਿਆਂ ਦਾ ਹੱਲ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੀ ਵਾਅਦਾ ਖਿਲਾਫ਼ੀ ਨੂੰ ਲੈ ਕੇ ਪੰਜਾਬ ਦੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਉਹ ਸਰਕਾਰ ਵਿਰੁੱਧ ਮੋਰਚਾ ਖੋਲ੍ਹਣ ਲਈ ਮਜ਼ਬੂਰ ਹੋਣਗੇ | ਇਸ ਮੌਕੇ ਡਾਕਟਰ ਗੁਰਮੇਲ ਸਿੰਘ ਕਾਲੜਾ, ਤਰਸੇਮ ਲਾਲ ਪਥਰਾਲਾ, ਡਾ: ਅਮਰੀਕ ਸਿੰਘ ਪੱਕਾ ਕਲਾਂ, ਡਾ: ਸੁਖਵਿੰਦਰ ਸਿੰਘ ਸੰਗਤ, ਡਾ: ਮਲਕੀਤ ਸਿੰਘ, ਡਾ: ਕਰਨ ਸਿੰਘ ਜੰਗੀਰਾਣਾ, ਡਾ: ਨਿਰਮਲ ਸਿੰਘ ਰਾਏਕੇ ਕਲਾਂ, ਵੈਦ ਜਗਦੇਵ ਸਿੰਘ ਕੋਟ ਗੁਰੂ, ਡਾ: ਕੰਵਲਦੀਪ ਸਿੰਘ ਬਾਂਡੀ ਅਤੇ ਡਾ: ਬਲਵੰਤ ਸਿੰਘ ਕੋਟਗੁਰੂ ਆਦਿ ਹਾਜ਼ਰ ਸਨ |