ਰਾੜਾ ਸਾਹਿਬ, 3 ਜੂਨ (ਸੁਖਵੀਰ ਸਿੰਘ ਚਣਕੋਈਆਂ)- ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਚਰਨ ਸੇਵਕ ਸੰਤ ਕਰਮ ਸਿੰਘ ਦੀ 26ਵੀਂ ਸਾਲਾਨਾ ਬਰਸੀ ਅਸਥਾਨ ਦੇ ਮੌਜੂਦਾ ਮੁਖੀ ਸੰਤ ਬਾਬਾ ਸਤਨਾਮ ਸਿੰਘ ਦੀ ਰਹਿਨੁਮਾਈ ਹੇਠ ਮਹਾਂਪੁਰਸ਼ਾਂ ਦੇ ਤਪ ਅਸਥਾਨ ਗੁਰਦੁਆਰਾ ਕਿਸ਼ਨਪੁਰਾ ਸਿੱਧਸਰ ਭੀਖੀ (ਰਾੜਾ ਸਾਹਿਬ) ਵਿਖੇ ਬਹੁਤ ਹੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ | ਸਮਾਗਮਾਂ ਦੀ ਜਾਣਕਾਰੀ ਦਿੰਦਿਆਂ ਮੁੱਖ ਗ੍ਰੰਥੀ ਭਾਈ ਗੁਰਜੀਤ ਸਿੰਘ ਅਤੇ ਬਾਬਾ ਗੁਰਨਾਮ ਸਿੰਘ (ਸ੍ਰੀ ਮਾਨ ਜੀ) ਨੇ ਦੱਸਿਆ ਕਿ ਮਹਾਂਪੁਰਸ਼ਾਂ ਦੀ ਮਿੱਠੀ ਤੇ ਨਿੱਘੀ ਯਾਦ ਵਿਚ 12 ਜੂਨ ਦਿਨ ਵੀਰਵਾਰ ਨੂੰ ਅੰਮਿ੍ਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਉਪਰੰਤ 9 ਤੋਂ 4 ਵਜੇ ਤੱਕ ਢਾਡੀ ਅਤੇ ਕਵੀਸ਼ਰੀ ਦਰਬਾਰ ਕਰਵਾਇਆ ਜਾਵੇਗਾ | ਜਦਕਿ 13 ਅਤੇ 14 ਜੂਨ ਨੂੰ ਸਵੇਰੇ 9 ਤੋਂ 4 ਵਜੇ ਤੱਕ ਸੰਤ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿਚ ਵੱਖ ਵੱਖ ਸੰਪਰਦਾਵਾਂ ਦੇ ਸੰਤ ਮਹਾਂਪੁਰਸ਼ਾਂ ਤੋਂ ਇਲਾਵਾ ਪੰਥ ਪ੍ਰਸਿੱਧ ਰਾਗੀ ਅਤੇ ਉੱਚ ਕੋਟੀ ਦੇ ਵਿਦਵਾਨ ਮਹਾਂਪੁਰਸ਼ਾਂ ਨੂੰ ਗੁਰਬਾਣੀ ਦੇ ਇਲਾਹੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੁਆਰਾ ਸ਼ਰਧਾ ਅਤੇ ਸਤਿਕਾਰ ਭੇਟ ਕਰਨਗੇ | ਮਹਾਂਪੁਰਖਾਂ ਦੀ ਸਾਲਾਨਾ ਬਰਸੀ ਸਮਾਗਮ ਨੂੰ ਉਸਾਰੂ ਪ੍ਰਬੰਧਾਂ ਦੁਆਰਾ ਕਰਨ ਸਬੰਧੀ ਵੱਖ ਵੱਖ ਵਿਭਾਗਾਂ ਵਿਚ ਸੇਵਾਵਾਂ ਨਿਭਾਉਣ ਵਾਲੇ ਸਮੂਹ ਸੇਵਾਦਾਰਾਂ ਵੱਲੋਂ ਤਿਆਰੀਆਂ ਆਰੰਭ ਦਿੱਤੀਆਂ ਹਨ | ਇਸ ਮੌਕੇ 'ਤੇ ਭਾਈ ਦਰਸ਼ਨ ਸਿੰਘ, ਭਾਈ ਕੇਵਲ ਸਿੰਘ, ਭਾਈ ਮਨਜਿੰਦਰ ਸਿੰਘ ਭੁੱਟਾ, ਭਾਈ ਸਰਬਜੀਤ ਸਿੰਘ ਮਠਾੜੂ, ਭਾਈ ਬਲਵਿੰਦਰ ਸਿੰਘ ਲਹਿਲ, ਭਾਈ ਤਰਨਜੀਤ ਸਿੰਘ ਧੰਨਾ, ਭਾਈ ਨਰਿੰਦਰ ਸਿੰਘ ਦਿੱਲੀ ਅਤੇ ਭਾਈ ਨਰਾਇਣ ਸਿੰਘ ਆਦਿ ਸਨ |