ਕੁਹਾੜਾ, 2 ਸਤੰਬਰ (ਸੰਦੀਪ ਸਿੰਘ ਕੁਹਾੜਾ)-ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਜਿੱਥੇ ਸੂਬੇ ਦੇ ਕਈ ਜ਼ਿਲਿ੍ਹਆਂ ਦੇ ਪਿੰਡ ਹੜ੍ਹਾਂ ਦੇ ਪਾਣੀ ਦੀ ਮਾਰ ਹੇਠ ਆ ਗਏ, ਉੱਥੇ ਹੀ ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਗੱਦੋਵਾਲ ਅਤੇ ਕਰੌੜ ਲਿੰਕ ਰੋਡ ਵਿਚ ਪਾਣੀ ਦੇ ਤੇਜ਼ ਵਹਾਅ ਕਾਰਨ ਪਾੜ ਪੈ ਚੁੱਕਿਆ ਹੈ ਅਤੇ ਪਾਣੀ ਲੋਕਾਂ ਦੀਆਂ ਫ਼ਸਲਾਂ ਵਿਚ ਜਾ ਰਿਹਾ ਹੈ | ਪਿੰਡ ਭਾਗਪੁਰ ਦੇ ਸਰਪੰਚ ਗਗਨਦੀਪ ਸਿੰਘ ਢਿੱਲੋਂ ਨੇ ਮੌਕੇ 'ਤੇ ਪਹੰੁਚ ਕੇ ਦੱਸਿਆ ਕਿ ਸੜਕ ਵਿਚ ਪਾੜ ਪੈਣ ਨਾਲ ਪਾਣੀ ਤੇਜ ਰਫ਼ਤਾਰ ਨਾਲ ਲੋਕਾਂ ਦੀਆਂ ਫ਼ਸਲਾਂ ਵਿਚ ਜਾ ਰਿਹਾ ਹੈ, ਜਿਸ ਨਾਲ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਦਾ ਕਾਫੀ ਨੁਕਸਾਨ ਹੋ ਹੁਣ ਦਾ ਖ਼ਦਸ਼ਾ ਹੈ, ਉਸਦੇ ਨਾਲ ਰਾਹਗੀਰਾਂ ਨੂੰ ਵੀ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸਦਾ ਦਾ ਤੁਰੰਤ ਹੱਲ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ ਪਿੱਛੋਂ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਇਸ ਥਾਂ 'ਤੇ ਪਾਣੀ ਨਾਲ ਪਾੜ ਪੈਣ ਕਰਕੇ ਕਿਸਾਨ ਅਤੇ ਇਲਾਕੇ ਦੇ ਲੋਕਾਂ ਨੂੰ ਹਰ ਸਾਲ ਪ੍ਰੇਸ਼ਾਨੀ ਝੱਲਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ | ਉਨ੍ਹਾਂ ਪ੍ਰਸ਼ਾਸਨ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਸਦਾ ਕੋਈ ਪੱਕਾ ਹੱਲ ਕੀਤਾ ਜਾਵੇ | ਇਸ ਮੌਕੇ ਉਨ੍ਹਾਂ ਨਾਲ ਸਤਨਾਮ ਸਿੰਘ ਪੰਚਾਇਤ ਮੈਂਬਰ ਗੱਦੋਵਾਲ, ਸੰਦੀਪ ਸਿੰਘ ਪੰਚਾਇਤ ਮੈਂਬਰ, ਜਗਤਾਰ ਸਿੰਘ ਤਾਰਾ ਅਤੇ ਸਚਿਨਪ੍ਰੀਤ ਸਿੰਘ ਹਾਜ਼ਰ ਸਨ |