ਮਾਛੀਵਾੜਾ ਸਾਹਿਬ, 3 ਸਤੰਬਰ (ਮਨੋਜ ਕੁਮਾਰ)-ਅੱਜ ਆਮ ਲੋਕਾਂ ਦੇ ਇਸ ਉਜਾੜੇ ਲਈ ਸਿੱਧੇ ਤੌਰ 'ਤੇ ਕੇਂਦਰ ਅਤੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਹੈ ¢ ਜੇਕਰ ਸਮੇਂ ਰਹਿੰਦੇ ਪੂਰੀ ਸੂਝ ਬੂਝ ਨਾਲ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਸ਼ਾਇਦ ਇੰਨਾ ਵੱਡਾ ਨੁਕਸਾਨ ਨਾ ਹੁੰਦਾ ¢ ਇਨ੍ਹਾਂ ਭਾਵੁਕ ਗੱਲਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਇੱਕ ਖ਼ਾਸ ਮੁਲਾਕਾਤ ਦੌਰਾਨ ਕੀਤਾ ¢ ਉਨ੍ਹਾਂ ਇਸ ਮਾਮਲੇ ਵਿਚ ਆਪਣੇ ਤਰਕ ਦਿੰਦਿਆਂ ਦੱਸਿਆ ਕਿ ਜਦੋਂ ਅੱਜ ਤੋਂ ਕੁੱਝ ਸਮਾਂ ਪਹਿਲਾਂ ਹਿਮਾਚਲ ਸਮੇਤ ਹੋਰ ਪਹਾੜੀ ਸੂਬਿਆਂ 'ਚ ਬੱਦਲ ਫੱਟਣ ਤੋਂ ਬਾਅਦ ਪਾਣੀ ਦਾ ਵਹਾਅ ਤੇਜ਼ ਹੋਇਆ ਤਾਂ ਉਸ ਵਕਤ ਡੈਮਾਂ ਵਿਚ ਜਮਾਂ ਪਹਿਲੇ ਪਾਣੀ ਨੂੰ ਸੂਬੇ ਦੀਆਂ ਵੱਖ-ਵੱਖ ਨਹਿਰਾਂ 'ਚ ਛੱਡਿਆ ਜਾਂਦਾ ਤਾਂ ਇਹ ਪਾਣੀ ਇੰਨਾ ਭਿਆਨਕ ਮੰਜਰ ਬਿਆਨ ਨਾ ਕਰਦਾ ਅਤੇ ਇਨ੍ਹਾਂ ਡੈਮਾਂ 'ਤੇ ਕੇਂਦਰ ਸਰਕਾਰ ਹਾਵੀ ਹੈ | ਪਰ ਇਸ ਦੇ ਨਾਲ ਹੀ ਸੂਬੇ ਦੇ ਮੁੱਖ ਮੰਤਰੀ ਨੇ ਨਹਿਰਾਂ ਦੀ ਸਫ਼ਾਈ ਤੇ ਡਰੇਨਾਂ ਦੀ ਸਾਂਭ ਸੰਭਾਲ ਵੱਲ ਧਿਆਨ ਹੀ ਨਹੀਂ ਦਿੱਤਾ | ਹਾਲਾਤ ਇਹ ਹਨ ਕਿ ਕਈ ਜਗ੍ਹਾ ਹਰੀ ਬੂਟੀ ਜੰਮਣ ਕਰ ਕੇ ਗੇਟ ਹੀ ਨਹੀਂ ਖੁੱਲੇ੍ਹ ਅਤੇ ਪਾਣੀ ਖੋਰਾ ਲਾ ਕੇ ਖੇਤਾਂ ਤੇ ਘਰਾਂ 'ਚ ਆ ਗਿਆ ¢ ਉਨ੍ਹਾਂ ਗੱਲਬਾਤ ਦੌਰਾਨ ਅੱਗੇ ਦੱਸਿਆ ਕਿ ਸੂਬੇ ਦੀਆਂ ਨਹਿਰਾਂ 'ਚ ਕਈ ਲੱਖ ਕਿਊਸਿਕ ਪਾਣੀ ਸੰਭਾਲਣ ਦੀ ਸਮਰੱਥਾ ਹੈ ਤੇ ਜੇਕਰ ਡੈਮਾਂ ਨੂੰ ਪਹਿਲਾਂ ਖਾਲੀ ਕੀਤਾ ਹੁੰਦਾ ਤਾਂ ਉਹ ਪਾਣੀ ਨਹਿਰਾਂ ਵਿਚ ਆਉਣ ਕਰ ਕੇ ਆਪਣੀ ਰਫ਼ਤਾਰ ਨਾਲ ਅੱਗੇ ਚਲਾ ਜਾਂਦਾ ਤੇ ਹੁਣ ਦੇ ਤਾਜ਼ਾ ਹਾਲਾਤਾਂ ਵਿਚ ਵਾਧੂ ਪਾਣੀ ਨੂੰ ਡੈਮਾਂ ਵਿਚ ਹੀ ਰੱਖ ਲਿਆ ਜਾਂਦਾ ¢ ਪਰ ਅਫ਼ਸੋਸ ਅਜਿਹਾ ਨਹੀਂ ਹੋਇਆ ਅਤੇ ਅੱਜ ਅੱਧੇ ਨਾਲੋਂ ਵੀ ਵੱਧ ਪੰਜਾਬ ਪਾਣੀ ਵਿਚ ਡੁੱਬ ਗਿਆ ¢ ਕਿਸਾਨ ਆਗੂ ਰਾਜੇਵਾਲ ਨੇ ਗੱਲਬਾਤ ਦੌਰਾਨ ਅੱਗੇ ਦੱਸਿਆ ਕਿ ਹੁਣ ਤੱਕ ਕਰੀਬ ਪੰਜ ਲੱਖ ਏਕੜ ਫ਼ਸਲ ਜਿਸ ਵਿਚ ਗੰਨਾ, ਝੋਨਾ ਤੇ ਹੋਰ ਫ਼ਸਲਾਂ ਸ਼ਾਮਿਲ ਨੇ ਇੱਕ ਬਹੁਤ ਵੱਡਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ ¢ ਭਾਵੇਂ ਇਸ ਨੁਕਸਾਨ ਦੀ ਭਰਪਾਈ ਕਰਨਾ ਬਹੁਤ ਮੁਸ਼ਕਿਲ ਹੈ ਪਰ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਰਾਹਤ ਪੈਕੇਜ ਦਾ ਐਲਾਨ ਕਰੇ ਤਾਂ ਕਿ ਕਿਸਾਨਾਂ ਨੂੰ ਕੁੱਝ ਮਦਦ ਤਾਂ ਹੋ ਸਕੇ¢