ਅਹਿਮਦਗੜ੍ਹ, 3 ਸਤੰਬਰ (ਰਵਿੰਦਰ ਪੁਰੀ)-ਮੇਲਾ ਛਪਾਰ ਵਿਖੇ ਇਸ ਵਾਰ 7 ਸਤੰਬਰ ਨੂੰ ਲੱਗਣ ਵਾਲੀਆਂ ਸਿਆਸੀ ਕਾਨਫ਼ਰੰਸਾਂ ਹੜ੍ਹਾਂ ਦੀ ਭਿਆਨਕ ਸਥਿਤੀ ਨੂੰ ਦੇਖਦਿਆਂ ਕਾਨਫ਼ਰੰਸਾਂ ਰੱਦ ਕਰ ਦਿੱਤੀਆਂ | ਕੱਲ੍ਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਾਨਫ਼ਰੰਸ ਦੇ ਇੰਚਾਰਜ ਜਸਕਰਨ ਸਿੰਘ ਦਿਓਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਬਾਅਦ ਕਾਨਫ਼ਰੰਸ ਰੱਦ ਕਰਨ ਦਾ ਐਲਾਨ ਕੀਤਾ ਤੇ ਨਾਲ ਹੀ ਕਾਂਗਰਸ ਪਾਰਟੀ ਦੀ ਕਾਨਫ਼ਰੰਸ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਪ੍ਰਦੇਸ਼ ਜਨਰਲ ਸਕੱਤਰ ਨੇ ਵੀ ਕਾਨਫ਼ਰੰਸ ਨਾ ਕਰਨ ਦਾ ਐਲਾਨ ਕੀਤਾ | ਅੱਜ ਭਾਰਤੀ ਜਨਤਾ ਪਾਰਟੀ ਵਲੋਂ ਇੱਥੇ ਮੀਟਿੰਗ ਕੀਤੀ ਗਈ | ਜਿਸ ਵਿਚ ਵਿਸ਼ੇਸ਼ ਕਰਕੇ ਭਾਜਪਾ ਕਿਸਾਨ ਵਿੰਗ ਦੇ ਚੇਅਰਮੈਨ ਵਿਕਰਮਜੀਤ ਸਿੰਘ ਚੀਮਾ, ਹਲਕਾ ਅਮਰਗੜ੍ਹ ਦੇ ਇੰਚਾਰਜ ਹੀਰਾ ਸਿੰਘ ਅਮਰਗੜ੍ਹ, ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਅਤੇ ਸਥਾਨਕ ਸੀਨੀਅਰ ਆਗੂ ਰਮੇਸ਼ ਚੰਦ ਘਈ, ਪ੍ਰਮੋਦ ਗੁਪਤਾ, ਆਸ਼ੂਤੋਸ਼ ਵਿਨਾਇਕ, ਜਗਤਾਰ ਸਿੰਘ ਕੌੜਾ, ਵਿਜੈ ਸ਼ਰਮਾ, ਹਰਵਿੰਦਰ ਸਿੰਘ ਚੌਹਾਨ, ਐਡਵੋਕੇਟ ਪੁਰਸ਼ੋਤਮ ਗੋਇਲ ਆਦਿ ਹਾਜ਼ਰ ਸਨ | ਜਿੱਥੇ ਭਾਜਪਾ ਵਲੋਂ ਵੀ ਕਾਨਫ਼ਰੰਸ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ | ਕਾਂਗਰਸ ਕਾਨਫ਼ਰੰਸ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਵੀ ਅੱਜ ਹਲਕੇ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਕੀਤੀ ਜਿੱਥੇ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਛਪਾਰ, ਐਰਿਕ ਬੋਪਾਰਾਏ, ਪ੍ਰੇਮ ਸਿੰਘ ਸੇਖੋਂ, ਮਨਪ੍ਰੀਤ ਸਿੰਘ ਈਸੇਵਾਲ, ਕੁਲਦੀਪ ਸਿੰਘ ਬੱਦੋਵਾਲ, ਸੁਰਿੰਦਰਪਾਲ ਸਿੰਘ ਸਿੱਧਵਾਂ ਬੇਟ, ਕਿੱਕੀ ਲਤਾਲਾ ਆਦਿ ਵੀ ਹਾਜ਼ਰ ਸਨ | ਜਿੱਥੇ ਕਾਨਫ਼ਰੰਸ ਨਾ ਕਰਨ ਦਾ ਫ਼ੈਸਲਾ ਲੈਂਦਿਆਂ ਪੰਜਾਬ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਵੱਡੇ ਪੱਧਰ 'ਤੇ ਕਾਰਜ ਕਰਨ ਲਈ ਪ੍ਰੋਗਰਾਮ ਉਲੀਕਿਆ ਗਿਆ |