ਕੁਹਾੜਾ, 3 ਸਤੰਬਰ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦੇ ਸਪੁੱਤਰ ਸਿਮਰਨਜੀਤ ਸਿੰਘ ਢਿੱਲੋਂ ਵਲੋਂ ਜਿੱਥੇ ਲਗਾਤਾਰ ਆਪਣੀ ਸਮੂਹ ਟੀਮ ਨਾਲ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਜਾ ਕੇ ਪੀੜਤ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਦੀ ਸੇਵਾ ਕੀਤੀ ਜਾ ਰਹੀ ਹੈ | ਉੱਥੇ ਹੀ ਹਲਕਾ ਸਾਹਨੇਵਾਲ ਦੇ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਅਤੇ ਬਚਾਅ ਕਾਰਜਾਂ ਲਈ ਅੱਗੇ ਹੋ ਕੇ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ, ਜਿਸ ਤਹਿਤ ਉਨ੍ਹਾਂ ਵਲੋਂ ਹਲਕਾ ਸਾਹਨੇਵਾਲ ਦੇ ਸਸਰਾਲੀ ਕਾਲੋਨੀ ਨੇੜੇ ਸਤਲੁਜ ਬੰਨ੍ਹ ਦਾ ਜਾਇਜ਼ਾ ਲਿਆ ਗਿਆ | ਜਿੱਥੇ ਪਾਣੀ ਦੇ ਤੇਜ਼ ਵਹਾਅ ਕਾਰਨ ਨਾਜ਼ੁਕ ਹਾਲਾਤਾਂ ਨੂੰ ਵੇਖਦਿਆਂ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਆਪਣੀ ਟੀਮ ਦੇ ਸਹਿਯੋਗ ਨਾਲ ਬੰਨ੍ਹ ਦੀ ਮਜ਼ਬੂਤੀ ਲਈ ਟਰੈਕਟਰ ਟਰਾਲੀਆਂ ਰਾਹੀਂ ਮਿੱਟੀ ਦੀਆਂ ਬੋਰੀਆਂ ਭਰ ਕੇ ਬੰਨ੍ਹ 'ਤੇ ਰੱਖੀਆਂ ਗਈਆਂ ਤਾਂ ਜੋ ਸਮਾਂ ਰਹਿੰਦੇ ਬੰਨ੍ਹ ਨੂੰ ਮਜ਼ਬੂਤ ਬਣਾਇਆ ਜਾ ਸਕੇ ¢ ਇਸ ਮੌਕੇ ਸਿਮਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਸਾਂਝੇ ਤੌਰ 'ਤੇ ਕੀਤੀ ਗਈ ਛੋਟੀ ਤੋਂ ਛੋਟੀ ਕੋਸ਼ਿਸ਼ ਨਾਲ ਵੀ ਵੱਡੇ ਕੰਮ ਆਸਾਨੀ ਨਾਲ ਨੇਪਰੇ ਚੜ੍ਹ ਜਾਂਦੇ ਹਨ, ਇਸ ਲਈ ਸਾਰੇ ਮਿਲ ਕੇ ਬੰਨ੍ਹ ਦੀ ਮਜ਼ਬੂਤੀ ਦੇ ਕਾਰਜਾਂ ਵਿਚ ਆਪਣਾ ਯੋਗਦਾਨ ਪਾਈਏ ¢