ਪਾਇਲ, 3 ਸਤੰਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਲੁਧਿਆਣਾ ਦੀ ਅਗਵਾਈ 'ਚ ਵਿਭਾਗ ਨਾਲ ਐਫੀਲੇਟਿਡ ਯੂਥ ਕਲੱਬਾਂ ਰਾਹੀਂ ਕਰਵਾਏ ਜਾ ਰਹੇ ਨਸ਼ਿਆਂ ਵਿਰੁੱਧ ਜਾਗਰੂਕਤਾ ਅਭਿਆਨ ਤਹਿਤ ਲੁਧਿਆਣਾ ਦੇ 10 ਪਿੰਡਾਂ ਸਸਰਾਲੀ, ਖਾਸੀ ਕਲਾਂ, ਰਾਣੋ, ਭੌਰਲਾ, ਚਚਰਾੜੀ, ਚੱਕ ਭਾਈ ਕਾ, ਟੋਡਰਪੁਰ, ਸਮਰਾਲਾ, ਘੁਡਾਣੀ ਕਲਾਂ ਤੇ ਕੋਟਮਾਨਾਂ ਵਿਚ ਸੈਮੀਨਾਰ ਅਤੇ ਨੁੱਕੜ ਨਾਟਕ ਕਰਵਾਏ ਗਏ | ਇਸ ਦੌਰਾਨ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇ ਪੰਜਾਬ ਦੀ ਜਵਾਨੀ ਨੂੰ ਖ਼ਤਮ ਕਰ ਰਹੇ ਹਨ | ਇਹਨਾਂ ਤੋਂ ਬਚਣ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ | ਇਹਨਾਂ ਸੈਮੀਨਾਰਾਂ ਵਿਚ ਸਿਵਲ ਹਸਪਤਾਲ ਡਿਸਪੈਂਸਰੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਆਪਣੇ ਭਾਸ਼ਣ ਦੌਰਾਨ ਦੱਸਿਆ ਕਿ ਕਿਸ ਤਰ੍ਹਾਂ ਅੱਜ ਦਾ ਨੌਜਵਾਨ ਨਸ਼ਿਆਂ ਦੀ ਜਕੜ ਵਿਚ ਆਉਂਦਾ ਹੈ ਤੇ ਇਨ੍ਹਾਂ ਮਾਰੂ ਨਸ਼ਿਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਜੋ ਨੌਜਵਾਨ ਨਸ਼ਾ ਕਰਦੇ ਹਨ ਉਹ ਨਸ਼ਾ ਛੁਡਾਊ ਕੇਂਦਰ ਵਿਚ ਜਾ ਕੇ ਨਸ਼ਾ ਛੱਡ ਸਕਦੇ ਹਨ | ਪਿੰਡ ਕੋਟਮਾਨਾ ਦੇ ਨੌਜਵਾਨ ਜੁਗਰਾਜ ਸਿੰਘ ਅਤੇ ਹੋਰ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਵੱਲੋਂ ਆਪਣੇ ਗੀਤਾਂ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਗਿਆ | ਪ੍ਰੋਗਰਾਮ ਦੇ ਅੰਤ ਵਿਚ ਨਸ਼ਿਆਂ ਤੋਂ ਜਾਗਰੂਕ ਕਰਨ ਲਈ ਨੁੱਕੜ ਨਾਟਕਾਂ ਦੀ ਪੇਸ਼ਕਾਰੀ ਕੀਤੀ ਗਈ, ਜਿਸ 'ਚ ਯੁਵਕ ਸੇਵਾਵਾਂ ਕਲੱਬਾਂ ਦੇ ਪ੍ਰਧਾਨ ਸੁਰਿੰਦਰ ਸਿੰਘ, ਪਵਿੱਤਰਜੀਤ ਸਿੰਘ, ਕਰਮਜੀਤ ਸਿੰਘ, ਗੁਰਜੀਤ ਸਿੰਘ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ, ਸੁਖਬੀਰ ਸਿੰਘ, ਨਵਦੀਪ ਸਿੰਘ, ਮਨਜੀਤ ਸਿੰਘ, ਸਤਿੰਦਰ ਸਿੰਘ ਨੇ ਇਨ੍ਹਾਂ ਨਸ਼ਾ ਛਡਾਊ ਕੈਂਪਾਂ ਨੂੰ ਨੇਪਰੇ ਚਾੜ੍ਹਨ ਵਿਚ ਅਹਿਮ ਭੂਮਿਕਾ ਨਿਭਾਈ |