ਜਗਰਾਉਂ, 3 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)- ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਵਲੋਂ ਆਪਣੀ ਟੀਮ ਅਤੇ ਵਲੰਟੀਅਰਾਂ ਨਾਲ ਹੜ੍ਹ ਦੀ ਮਾਰ ਝੱਲ ਰਹੇ ਸਤਲੁਜ ਦਰਿਆ ਨਾਲ ਲਗਦੇ ਹਲਕੇ ਦੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਪਿਛਲੇ 5 ਦਿਨਾਂ ਤੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਅੱਜ ਵਿਧਾਇਕਾ ਬੀਬੀ ਮਾਣੂੰਕੇ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਕੁਲਪ੍ਰੀਤ ਸਿੰਘ, ਐੱਸ.ਡੀ.ਐੱਮ. ਜਗਰਾਉਂ ਕਰਨਦੀਪ ਸਿੰਘ ਸਮੇਤ ਹੋਰ ਅਧਿਕਾਰੀਆਂ ਨਾਲ ਸਤਲੁਜ ਦਰਿਆ ਨਾਲ ਲੱਗਦੇ ਕੰਨੀਆਂ ਹੁਸੈਨੀ, ਸ਼ੇਰੇਵਾਲ, ਤਿਹਾੜਾ, ਪਰਜੀਆਂ, ਹਿਆਤੇਵਾਲ, ਮਧੇਪੁਰ, ਕੰਨੀਆਂ ਖੁਰਦ, ਬਾਘੀਆਂ ਆਦਿ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਕੇ ਮੌਕੇ 'ਤੇ ਹੀ ਹੱਲ ਕੀਤੀਆਂ ਅਤੇ ਰੋਜ਼ਮਰ੍ਹਾ ਦੀ ਲੋੜ ਲਈ ਜਰੂਰੀ ਸਮਾਨ ਵੀ ਮੁਹੱਈਆ ਕਰਵਾਇਆ ਗਿਆ | ਇਸ ਮੌਕੇ ਉਨ੍ਹਾਂ ਅਧਿਕਾਰੀਆਂ ਹਦਾਇਤਾਂ ਕੀਤੀਆਂ ਕਿ ਹੜ੍ਹ ਕਾਰਨ ਜਿੰਨ੍ਹਾਂ ਲੋਕਾਂ ਦੇ ਘਰ ਢਹਿ ਗਏ ਹਨ, ਉਨ੍ਹਾਂ ਦੀ ਰਿਪੋਰਟ ਤਿਆਰ ਕੀਤੀ ਜਾਵੇ ਤਾਂ ਜੋ ਲੋੜਵੰਦਾਂ ਨੂੰ ਮੁਆਵਜ਼ਾ ਦਿਵਾਇਆ ਜਾ ਸਕੇ | ਵਿਧਾਇਕਾ ਬੀਬੀ ਮਾਣੂੰਕੇ ਵਲੋਂ ਅਧਿਕਾਰੀਆਂ ਨੂੰ ਇਹ ਵੀ ਹਦਾਇਤਾਂ ਕੀਤੀਆਂ ਗਈਆਂ ਕਿ ਜਿੰਨ੍ਹਾਂ ਕਿਸਾਨ ਭਰਾਵਾਂ ਦੀਆਂ ਫ਼ਸਲਾਂ ਹੜ੍ਹ ਕਾਰਨ ਬਰਬਾਦ ਹੋ ਗਈਆਂ ਹਨ, ਉਨ੍ਹਾਂ ਨੂੰ ਵੀ ਮੁਆਵਜ਼ਾ ਦਿਵਾਉਣ ਲਈ ਉਪਰਾਲੇ ਕੀਤੇ ਜਾਣ | ਇਸ ਮੌਕੇ ਉਨ੍ਹਾਂ ਵਲੋਂ ਮੌਕੇ 'ਤੇ ਕਰੇਨ ਮੰਗਵਾ ਕੇ ਦਰਿਆ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਮਿੱਟੀ ਲਗਵਾਈ ਗਈ | ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਉਨ੍ਹਾਂ ਦੁਖੀ ਪਰਿਵਾਰਾਂ ਨਾਲ ਸਾਡੀ ਪੂਰਨ ਹਮਦਰਦੀ ਹੈ ਅਤੇ ਦੁਖੀ ਪਰਿਵਾਰਾਂ ਦੀ ਸਹਾਇਤਾ ਲਈ ਉਨ੍ਹਾਂ ਦੇ ਨਾਲ ਖੜੇ੍ਹ ਹਾਂ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਪੰਜਾਬ ਸਰਕਾਰ ਵਲੋਂ ਹਰ ਸੰਭਵ ਮਦਦ ਦਿਵਾਈ ਜਾਵੇਗੀ | ਇਸ ਮੌਕੇ ਹੀਰਾ ਸਿੰਘ ਐੱਸ.ਐੱਚ.ਓ. ਸਿੱਧਵਾਂ ਬੇਟ, ਬਿਕਰਮਜੀਤ ਸਿੰਘ ਵਿੱਕੀ ਥਿੰਦ, ਮਾ: ਪਰਮਿੰਦਰ ਸਿੰਘ ਗਿੱਦੜਵਿੰਡੀ, ਕੁਲਵਿੰਦਰ ਸਿੰਘ ਕਾਲਾ, ਕੌਂਸਲਰ ਜਗਜੀਤ ਸਿੰਘ ਜੱਗੀ, ਸਰਪੰਚ ਜਗਤਾਰ ਸਿੰਘ ਰਸੂਲਪੁਰ (ਜੰਡੀ), ਯੂਥ ਪ੍ਰਧਾਨ ਸਤਿੰਦਰ ਸਿੰਘ ਗਾਲਿਬ, ਸਰਪੰਚ ਸੁਖਬੀਰ ਸਿੰਘ ਪੱਤੀ ਮੁਲਤਾਨੀ, ਸਰਪੰਚ ਜਗਦੀਪ ਸਿੰਘ ਸ਼ੇਰੇਵਾਲ, ਸਰਪੰਚ ਰਾਜਦੀਪ ਸਿੰਘ ਤਿਹਾੜਾ, ਰਾਜਵੰਤ ਸਿੰਘ ਕੰਨੀਆਂ, ਜਗਸੀਰ ਸਿੰਘ ਗਾਲਿਬ ਰਣ ਸਿੰਘ, ਸਰਪੰਚ ਗੁਰਪ੍ਰੀਤ ਸਿੰਘ ਡਾਂਗੀਆਂ, ਰਵਿੰਦਰ ਸਿੰਘ ਗਾਲਿਬ ਖੁਰਦ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਜ਼ਰ ਸਨ |