ਖੰਨਾ, 23 ਸਤੰਬਰ (ਪੱਤਰ ਪੇ੍ਰਰਕ)-ਖੰਨਾ ਦੇ ਇੱਕ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਤਨੂ ਨਾਮਕ ਅÏਰਤ ਦੀ ਮੌਤ ਨੇ ਪਰਿਵਾਰਕ ਮੈਂਬਰਾਂ ਵਿਚ ਰੋਹ ਪੈਦਾ ਕਰ ਦਿੱਤਾ | ਮਿ੍ਤਕਾ ਮੰਡੀ ਗੋਬਿੰਦਗੜ੍ਹ ਦੀ ਰਹਿਣ ਵਾਲੀ ਸੀ | ਉਸਦੇ ਪਤੀ ਸੰਨੀ ਨੇ ਦੱਸਿਆ ਕਿ ਤਨੂ ਨੂੰ ਪਿੱਤੇ ਦੀ ਪੱਥਰੀ ਦੀ ਸਮੱਸਿਆ ਸੀ, ਜਿਸ ਕਾਰਨ ਮੰਡੀ ਗੋਬਿੰਦਗੜ੍ਹ ਦੇ ਇੱਕ ਕੈਮਿਸਟ ਨੇ ਉਨ੍ਹਾਂ ਨੂੰ ਖੰਨਾ ਦੇ ਸ਼ਿਵਮ ਹਸਪਤਾਲ 'ਚ ਆਪ੍ਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ | ਸੋਮਵਾਰ ਸ਼ਾਮ ਨੂੰ ਉਨ੍ਹਾਂ ਨੂੰ ਆਪ੍ਰੇਸ਼ਨ ਲਈ ਬੁਲਾਇਆ ਗਿਆ | ਤਨੂ ਆਪ੍ਰੇਸ਼ਨ ਤੋਂ ਪਹਿਲਾਂ ਬਿਲਕੁਲ ਠੀਕ ਸੀ | ਹਸਪਤਾਲ 'ਚ ਡਰਿੱਪ ਲੱਗਣ ਦੌਰਾਨ ਤਨੂ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਵੀਡੀਓ ਅਪਲੋਡ ਕੀਤੀ, ਜਿਸ 'ਚ ਉਹ ਖ਼ੁਸ਼ ਦਿਖਾਈ ਦੇ ਰਹੀ ਹੈ | ਹਸਪਤਾਲ ਨੇ ਆਪ੍ਰੇਸ਼ਨ ਲਈ ਬਾਹਰੋਂ ਇੱਕ ਮਹਿਲਾ ਡਾਕਟਰ ਨੂੰ ਵੀ ਬੁਲਾਇਆ | ਸੱਤ ਵਜੇ 40 ਮਿੰਟ 'ਤੇ ਤਨੂ ਆਪ੍ਰੇਸ਼ਨ ਥੀਏਟਰ ਵਿਚ ਗਈ | 8:05 ਵਜੇ, ਉਹ ਸਟਰੈਚਰ 'ਤੇ ਬਾਹਰ ਲਿਆਂਦੀ ਗਈ, ਬੇਹੋਸ਼ ਸੀ | ਪਰ ਹਸਪਤਾਲ ਦੇ ਸਟਾਫ਼ ਨੇ ਦੱਸਿਆ ਕਿ ਉਹ ਇਕ ਘੰਟੇ ਵਿਚ ਹੋਸ਼ ਵਿਚ ਆ ਜਾਵੇਗੀ | ਲਗਭਗ 9 ਵਜੇ, ਜਦੋਂ ਉਸ ਨੰੂ ਮੁੜ ਚੈੱਕ ਕੀਤਾ ਗਿਆ, ਤਾਂ ਨਬਜ਼ ਨਾ ਚੱਲਣ ਦੀ ਜਾਣਕਾਰੀ ਦਿੱਤੀ ਗਈ ਅਤੇ ਉਸ ਨੰੂ ਲਿਵਾਸਾ ਹਸਪਤਾਲ ਲਿਜਾਇਆ ਗਿਆ | ਉੱਥੇ ਡਾਕਟਰਾਂ ਨੇ ਤਨੂ ਨੂੰ ਮਿ੍ਤਕ ਐਲਾਨ ਕਰ ਦਿੱਤਾ | ਸੰਨੀ ਦਾ ਦੋਸ਼ ਹੈ ਕਿ ਹਸਪਤਾਲ ਵਿਚ ਇਲਾਜ ਦੌਰਾਨ ਲਾਪਰਵਾਹੀ ਕਾਰਨ ਇਹ ਮੌਤ ਹੋਈ | ਦੂਜੇ ਪਾਸੇ, ਸ਼ਿਵਮ ਹਸਪਤਾਲ ਦੀ ਡਾਕਟਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਤਨੂ ਦਾ ਸੋਮਵਾਰ ਰਾਤ ਨੂੰ ਪਿੱਤੇ ਦੀ ਪੱਥਰੀ ਦਾ ਆਪ੍ਰੇਸ਼ਨ ਹੋਇਆ ਸੀ ਅਤੇ ਇਕ ਘੰਟੇ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਤਨੂ ਦੀ ਮੌਤ ਹੋਈ | ਇਲਾਜ ਵਿਚ ਕੋਈ ਲਾਪਰਵਾਹੀ ਨਹੀਂ ਹੋਈ | ਸਿਟੀ ਪੁਲਿਸ ਸਟੇਸ਼ਨ 2 ਨੇ ਜਾਂਚ ਸ਼ੁਰੂ ਕਰ ਦਿੱਤੀ ਹੈ | ਏ. ਐਸ. ਆਈ. ਰਣਜੀਤ ਸਿੰਘ ਦੇ ਮੁਤਾਬਿਕ, ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਬੀ. ਐਨ. ਐਸ. ਐਸ. 194 ਦੇ ਤਹਿਤ ਪੋਸਟਮਾਰਟਮ ਕਰਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ | ਤਿੰਨ ਡਾਕਟਰਾਂ ਦੇ ਬੋਰਡ ਨੇ ਪੋਸਟਮਾਰਟਮ ਕੀਤਾ ਹੈ | ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ |