ਖੰਨਾ, 27 ਸਤੰਬਰ (ਹਰਜਿੰਦਰ ਸਿੰਘ ਲਾਲ)-ਹਲਕਾ ਖੰਨਾ ਤੋਂ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਖੰਨਾ ਦੇ ਐਕਸੀਅਨ ਅਮਨ ਗੁਪਤਾ ਦੇ ਨਾਲ ਪੈੱ੍ਰਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਖੰਨਾ ਦੇ ਨੈਸ਼ਨਲ ਹਾਈਵੇ 'ਤੇ ਲੱਗੀਆਂ ਲਾਈਟਾਂ ਦਾ 12.99 ਲੱਖ ਰੁਪਏ ਦਾ ਬਿੱਲ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ (ਐਨ. ਐਚ. ਏ. ਆਈ) ਨੇ ਅਦਾ ਨਹੀਂ ਕੀਤਾ ਗਿਆ | ਜਿਸ ਕਾਰਨ ਪੀ. ਐਸ. ਪੀ. ਸੀ. ਐਲ ਵਲੋਂ ਐਨ. ਐਚ. ਏ. ਆਈ ਨਾਲ ਸੰਬੰਧਿਤ ਬਿਜਲੀ ਮੀਟਰਾਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ | ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਐਨ. ਐਚ. ਏ. ਆਈ ਦੇ ਨਾਲ ਸੰਬੰਧਿਤ 6 ਕੰਪਨੀਆਂ ਨੇ ਪੀ. ਐਸ. ਪੀ. ਸੀ.ਐਲ ਖੰਨਾ ਦਾ 12.99 ਲੱਖ ਰੁਪਏ ਦਾ ਬਿਜਲੀ ਬਿੱਲ ਨਹੀਂ ਭਰਿਆ ਹੈ | ਉਨ੍ਹਾਂ ਕਿਹਾ ਕਿ ਉਹ ਐਨ. ਐਚ. ਏ. ਆਈ ਦੇ ਅਧਿਕਾਰੀਆਂ ਨਾਲ ਸਮੇਂ-ਸਮੇਂ 'ਤੇ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਕਹਿੰਦੇ ਰਹਿੰਦੇ ਹਨ ਕਿ ਤੁਸੀਂ ਸਮੇਂ ਸਿਰ ਬਿਜਲੀ ਦਾ ਬਿੱਲ ਭਰਿਆ ਕਰੋ ਤਾਂ ਜੋ ਪੀ. ਐਸ. ਪੀ. ਸੀ. ਐਲ ਨੂੰ ਇਹ ਕੁਨੈਕਸ਼ਨ ਨਾ ਕੱਟਣੇ ਪੈਣ | ਪੀ. ਐਸ. ਪੀ. ਸੀ. ਐਲ ਖੰਨਾ ਦੇ ਐਕਸੀਅਨ ਅਮਨ ਗੁਪਤਾ ਨੇ ਦੱਸਿਆ ਕਿ ਭਾਦਲਾ ਚੌਂਕ ਤੋਂ ਲੈ ਕੇ ਸਮਰਾਲਾ ਚੌਕ ਤੱਕ ਕੁੱਲ 6 ਬਿਜਲੀ ਦੇ ਮੀਟਰ ਲੱਗੇ ਹੋਏ ਹਨ | ਉਨ੍ਹਾਂ ਕਿਹਾ ਕਿ ਪਹਿਲੇ ਮੀਟਰ ਦਾ ਬਕਾਇਆ 3.30 ਲੱਖ ਰੁਪਏ, ਦੂਜੇ ਮੀਟਰ ਦਾ ਬਕਾਇਆ 2.37 ਲੱਖ ਰੁਪਏ, ਤੀਜੇ ਮੀਟਰ ਦਾ ਬਕਾਇਆ 1.37 ਲੱਖ ਰੁਪਏ, ਚੌਥੇ ਮੀਟਰ ਦਾ ਬਕਾਇਆ 63 ਹਜ਼ਾਰ ਰੁਪਏ, ਪੰਜਵੇਂ ਮੀਟਰ ਦਾ ਬਕਾਇਆ 99 ਹਜ਼ਾਰ ਰੁਪਏ ਅਤੇ ਛੇਵੇਂ ਮੀਟਰ ਦਾ ਬਕਾਇਆ 4.33 ਲੱਖ ਰੁਪਏ ਖੜ੍ਹਾ ਹੈ | ਉਨ੍ਹਾਂ ਵੱਲੋਂ ਬਿੱਲ ਨਾ ਭਰੇ ਜਾਣ ਕਾਰਨ ਮਜਬੂਰੀ ਵੱਸ ਸਾਨੂੰ ਕੁਨੈਕਸ਼ਨ ਕੱਟਣੇ ਪਏ | ਇਸ ਮੌਕੇ ਮੰਤਰੀ ਸੌਂਦ ਨੇ ਸਾਬਕਾ ਮੰਤਰੀ ਗੁਰਕੀਰਤ ਸਿੰਘ 'ਤੇ ਤਿੱਖੇ ਹਮਲੇ ਕੀਤੇ ਤੇ ਕਿਹਾ ਕਿ ਉਹ ਸਵੇਰੇ ਉਠਦੇ ਹੀ ਲਾਈਵ ਹੋ ਕੇ ਮੈਨੂੰ ਕੋਸਣ ਲੱਗਦੇ ਹਨ ਕਿ ਲਾਈਟਾਂ ਮੇਰੇ ਕਰ ਕੇ ਬੰਦ ਹਨ | ਜਦੋਂ ਕਿ ਉਨ੍ਹਾਂ ਨੂੰ ਚਾਹੀਦਾ ਇਹ ਹੈ ਕਿ ਇਹ ਬਕਾਇਆ ਕੇਂਦਰ ਸਰਕਾਰ ਨੇ ਦੇਣਾ ਹੈ ਤੇ ਉਨ੍ਹਾਂ ਦਾ ਭਰਾ ਰਵਨੀਤ ਸਿੰਘ ਬਿੱਟੂ ਕੇਂਦਰੀ ਮੰਤਰੀ ਹੈ | ਉਨ੍ਹਾਂ ਨੂੰ ਚਾਹੀਦਾ ਤਾਂ ਇਹ ਹੈ ਕਿ ਉਹ ਆਪਣੇ ਭਰਾ ਕੋਲ ਜਾ ਕੇ ਕੇਂਦਰ ਸਰਕਾਰ ਦੀ ਐਨ. ਐਚ. ਏ. ਆਈ. ਨੂੰ ਮਜਬੂਰ ਕਰਨ ਕਿ ਉਹ ਬਿਜਲੀ ਦਾ ਬਿੱਲ ਭਰਾਏ ਤਾਂ ਜੋ ਜੀ. ਟੀ. ਰੋਡ ਦੀਆਂ ਲਾਈਟਾਂ ਦੇ ਕੁਨੈਕਸ਼ਨ ਜੋੜੇ ਜਾ ਸਕਣ | ਇਸ ਮੌਕੇ ਉਨ੍ਹਾਂ ਨੇ ਗੁਰਕੀਰਤ 'ਤੇ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਗਾਏ, ਜਿਨ੍ਹਾਂ ਨੂੰ ਜ਼ਿਕਰ ਕਰਨਾ ਯੋਗ ਨਹੀਂ ਹੋਵੇਗਾ | ਇਕ ਸਵਾਲ ਦੇ ਜਵਾਬ ਵਿਚ ਮੰਤਰੀ ਸੌਂਦ ਨੇ ਕਿਹਾ ਕਿ ਜੇਕਰ ਐਨ. ਐਚ. ਏ. ਆਈ. ਨੇ ਪੈਸੇ ਜਮਾ ਨਾ ਵੀ ਕਰਵਾਏ, ਤਦ ਵੀ ਅਸੀਂ ਤਿਉਹਾਰਾਂ ਨੂੰ ੂ ਦੇਖਦਿਆਂ ਲਾਈਟਾਂ ਜਗਵਾ ਦੇਵਾਂਗੇ ਪਰ ਇਹ ਪੈਸੇ ਵੀ ਐਨ. ਐਚ. ਏ. ਆਈ. ਦੇ ਖਾਤੇ 'ਚ ਹੀ ਪੈਣਗੇ | ਉਨ੍ਹਾਂ ਕਿਹਾ ਕਿ ਗੁਰਕੀਰਤ ਸਿੰਘ ਨੂੰ ਸਮਝ ਹੀ ਨਹੀਂ ਕਿ ਕਿਸ ਗੱਲ ਦਾ ਇਲਜ਼ਾਮ ਕਿਸ ਆਦਮੀ ਸਿਰ ਲਾਉਣਾ ਚਾਹੀਦਾ ਹੈ | ਇਸ ਮੌਕੇ ਕੌਂਸਲਰ ਜਤਿੰਦਰ ਪਾਠਕ, ਕੌਂਸਲਰ ਸੁਨੀਲ ਕੁਮਾਰ ਨੀਟਾ, ਕੌਂਸਲਰ ਸਰਵਦੀਪ ਸਿੰਘ ਕਾਲੀਰਾਓ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਰਮ ਚੰਦ ਸ਼ਰਮਾ, ਓ. ਐਸ.ਡੀ ਕਰਨ ਅਰੋੜਾ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਸਾਬਕਾ ਕੌਂਸਲਰ ਰਾਜਿੰਦਰ ਸਿੰਘ ਜੀਤ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |