ਖੰਨਾ, 27 ਸਤੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਅਤੇ ਗੁਆਂਢੀ ਸੂਬਿਆਂ 'ਚ ਹੋਈ ਭਾਰੀ ਬਰਸਾਤ ਅਤੇ ਹੜ੍ਹਾਂ ਕਾਰਨ ਜਿੱਥੇ ਝੋਨੇ ਵਰਗੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ, ਉੱਥੇ ਸਬਜ਼ੀਆਂ ਵੀ ਮਹਿੰਗੀਆਂ ਹੋ ਗਈਆਂ ਹਨ | ਜਿਸ ਕਾਰਨ ਸਬਜ਼ੀ ਮੰਡੀਆਂ 'ਚੋਂ ਗ੍ਰਾਹਕ ਵੀ ਕਿਨਾਰਾ ਕਰ ਰਹੇ ਹਨ | ਇਸੇ ਕਾਰਨ ਖੰਨਾ ਸਬਜ਼ੀ ਮੰਡੀ ਵਿਚ ਗ੍ਰਾਹਕ ਘੱਟ ਹੋਣ ਕਾਰਨ ਵਪਾਰੀ ਵੀ ਪ੍ਰੇਸ਼ਾਨ ਹਨ | ਖੰਨਾ ਸਬਜ਼ੀ ਮੰਡੀ ਦੇ ਆੜ੍ਹਤੀ ਸੁਧੀਰ ਸੋਨੰੂ ਨੇ ਕਿਹਾ ਕਿ ਇਸ ਵੇਲੇ ਕੰਮ ਬਹੁਤ ਮੰਦਾ ਚੱਲ ਰਿਹਾ ਹੈ | ਇਸ ਦੀ ਵਜ੍ਹਾ ਕਈ ਸਬਜ਼ੀਆਂ ਮਹਿੰਗੀਆਂ ਹਨ ਅਤੇ ਕਈ ਸਬਜ਼ੀਆਂ ਬਰਸਾਤ ਕਾਰਨ ਘੱਟ ਪੈਦਾ ਹੋਈਆਂ ਹਨ | ਬਰਸਾਤ ਕਾਰਨ ਇਕ ਪਾਸੇ ਸਥਾਨਕ ਗੋਭੀ ਖ਼ਰਾਬ ਹੋਈ ਹੈ ਪਰ ਦੂਜੇ ਪਾਸੇ ਥੋਕ 'ਚ ਸਿਰਫ਼ 12 ਤੋਂ 14 ਰੁਪਏ ਕਿੱਲੋ ਵਿਕ ਰਹੀ ਹੈ, ਖੰਨਾ ਮੰਡੀ ਵਿਚ ਬਾਹਰ ਤੋਂ ਆਈ ਗੋਭੀ ਦਾ ਵੀ ਖ਼ਾਸ ਭਾਅ ਨਹੀਂ ਮਿਲਦਾ | ਹਾਲਾਂਕਿ ਪਹਾੜ ਦੀਆਂ ਮੰਡੀਆਂ 'ਚ ਭਾਅ ਠੀਕ ਮਿਲ ਰਿਹਾ ਹੈ | ਦੂਜੇ ਪਾਸੇ ਬਰਸਾਤ ਕਾਰਨ ਸਥਾਨਕ ਸਬਜ਼ੀ ਖ਼ਰਾਬ ਹੋ ਗਈ | ਬਾਹਰ ਤੋਂ ਆਈ ਸਬਜ਼ੀ ਮਹਿੰਗੀ ਹੈ | ਉਨ੍ਹਾਂ ਕਿਹਾ ਕਿ ਅਗਲੇ ਕੁੱਝ ਦਿਨਾਂ 'ਚ ਸਥਾਨਕ ਸਬਜ਼ੀ ਸਥਾਨਕ ਮਾਰਕੀਟ 'ਚ ਫਿਰ ਤੋਂ ਆਉਣ ਲੱਗੇਗੀ, ਜਿਸ ਨਾਲ ਸਬਜ਼ੀਆਂ ਦੇ ਭਾਅ ਠੀਕ ਹੋ ਜਾਣਗੇ | ਸਬਜ਼ੀ ਦੀ ਰੇਹੜੀ ਲਗਾਉਣ ਵਾਲੇ ਵੀ ਇਹੋ ਮੰਨਦੇ ਹਨ ਕਿ ਬਰਸਾਤ ਕਾਰਨ ਬਾਹਰ ਵਾਲੀ ਸਬਜ਼ੀਆਂ ਦੇ ਭਾਅ ਵੱਧ ਹਨ, ਲੋਕਲ ਸਬਜ਼ੀਆਂ ਮਾਰਕੀਟ 'ਚ ਆਉਣ ਨਾਲ ਸਬਜ਼ੀਆਂ ਦੇ ਭਾਅ ਠੀਕ ਹੋਣਗੇ | ਜਿਸ ਕਾਰਨ ਗਾਹਕੀ ਵਧੇਗੀ |