ਖੰਨਾ, 27 ਸਤੰਬਰ (ਹਰਜਿੰਦਰ ਸਿੰਘ ਲਾਲ)-ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਹਰਿਆਣਾ ਜੀਂਦ ਦਾ ਭਲਵਾਨ ਰਵਿੰਦਰ ਤੋਮਰ ਨਸ਼ਾ ਮੁਕਤ ਭਾਰਤ ਮੁਹਿੰਮ ਦੇ ਤਹਿਤ ਵੱਖ-ਵੱਖ ਸੂਬਿਆਂ 'ਚੋਂ ਹਜ਼ਾਰਾਂ ਕਿੱਲੋਮੀਟਰ ਪੈਦਲ ਯਾਤਰਾ ਕਰ ਚੁੱਕਿਆ ਹੈ | ਅੱਜ ਕੱਲ੍ਹ ਉਹ ਪੰਜਾਬ 'ਚ ਹੈ | ਅੱਜ ਜਦੋਂ ਉਹ ਖੰਨਾ ਪਾਰ ਕਰ ਰਿਹਾ ਸੀ ਤਾਂ ਉਸ ਨੇ ਦੱਸਿਆ ਕਿ ਉਸ ਦਾ ਪ੍ਰਣ ਹੈ ਕਿ ਉਹ ਵਿਆਹ ਨਹੀਂ ਕਰਵਾਏਗਾ ਅਤੇ ਸਾਰੀ ਉਮਰ ਦੇਸ਼ ਦੀ ਸੇਵਾ ਕਰੇਗਾ | ਉਹ ਪਹਿਲਾਂ ਜੀਂਦ ਤੋਂ ਬਾਘਾ ਬਾਰਡਰ ਤੇ ਉੱਥੋਂ ਹਰਿਆਣਾ ਅੰਬਾਲੇ ਲਈ ਚੱਲਿਆ ਹੈ | ਅੱਜ ਖੰਨਾ ਪਹੁੰਚਣ 'ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ | ਤੋਮਰ ਨੇ ਨਸ਼ਿਆਂ ਵਿਰੁੱਧ ਇਕ ਰੇੜਾ ਬਣਾਇਆ ਹੈ ਅਤੇ ਇਸ ਰੇੜੇ ਨੂੰ ਪੈਦਲ ਹੀ ਆਪਣੇ ਮੋਢਿਆਂ ਰੱਖ ਕੇ ਸਫ਼ਰ ਕਰਦਾ ਹੈ | ਉਸ ਦਾ ਕਹਿਣਾ ਹੈ ਕਿ ਜੇਕਰ ਮੇਰੀ ਇਸ ਮੁਹਿੰਮ ਨਾਲ ਪੰਜਾਬ ਹਰਿਆਣਾ ਤੇ ਹੋਰ ਸੂਬਿਆਂ ਵਿਚ ਕੁੱਝ ਨੌਜਵਾਨ ਹੀ ਨਸ਼ੇ ਤੋਂ ਦੂਰ ਰਹਿ ਗਏ ਤਾਂ ਮੈਂ ਆਪਣੇ ਜੀਵਨ ਨੂੰ ਸਫਲ ਸਮਝਾਂਗਾ | ਉਸ ਨੇ ਦੱਸਿਆ ਕਿ ਹਰਿਆਣਾ ਸਰਕਾਰ ਨੇ ਉਸ ਦੀ ਇਸ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਕਾਫੀ ਥਾਂ 'ਤੇ ਸ਼ਰਾਬ ਦੇ ਠੇਕੇ, ਤੰਬਾਕੂ ਅਤੇ ਹੋਰ ਨਸ਼ੇ ਬੰਦ ਹੋਏ ਹਨ | ਉਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਮੁਹਿੰਮ ਦਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ | ਤੋਮਰ ਨੇ ਕਿਹਾ ਕਿ ਨਸ਼ੇ ਛੱਡ ਕੇ ਦੇਸੀ ਘਿਓ ਅਤੇ ਹੋਰ ਖ਼ੁਰਾਕਾਂ ਖਾ ਕੇ ਆਪਣੇ ਜੀਵਨ ਨੂੰ ਇੱਕ ਨਿਰੋਲ ਜੀਵਨ ਬਣਾਇਆ ਜਾ ਸਕਦਾ ਹੈ | ਉਸ ਨੇ ਕਿਹਾ ਕਿ ਨਸ਼ੇ ਨਾਲ ਅਨੇਕਾਂ ਜਵਾਨੀਆਂ ਬਰਬਾਦ ਹੋਈਆਂ ਹਨ |