ਸਿੱਧਵਾਂ ਬੇਟ, 27 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਬਾਅਦ ਦੁਪਹਿਰ ਉਸ ਸਮੇਂ ਮਾਹੌਲ ਕੁਝ ਤੱਤਾ ਹੋਇਆ ਵੇਖਣ ਨੂੰ ਮਿਲਿਆ ਜਦੋਂ ਪ੍ਰਭੂ ਯਿਸੂ ਮਸੀਹ ਦੇ 25-30 ਦੇ ਕਰੀਬ ਪੈਰੋਕਾਰ ਜਿਨ੍ਹਾਂ 'ਚ ਔਰਤਾਂ ਦੀ ਗਿਣਤੀ ਜ਼ਿਆਦਾ ਸੀ ਉਹ ਸਥਾਨਕ ਕਸਬੇ ਦੇ ਕਿਸ਼ਨਪੁਰਾ ਚੌਕ ਦੇ ਨਜ਼ਦੀਕ ਜਲੰਧਰ ਤੋਂ ਇਕ ਪ੍ਰਾਈਵੇਟ ਬੱਸ 'ਤੇ ਸਵਾਰ ਹੋ ਕੇ ਪਹੁੰਚ ਗਏ | ਉਨ੍ਹਾਂ ਨੇ ਇਹ ਬੱਸ ਚੌਕ ਤੋਂ ਕੁਝ ਗਜ਼ ਦੂਰੀ 'ਤੇ ਸਤਲੁਜ ਦਰਿਆ ਵਾਲੇ ਪਾਸੇ ਖੜ੍ਹੀ ਕਰ ਦਿੱਤੀ ਤੇ ਪ੍ਰਭੂ ਯਿਸੂ ਮਸੀਹ ਦੇ ਇਹ ਸਾਰੇ ਹੀ ਪੈਰੋਕਾਰ ਸਥਾਨਕ ਕਸਬੇ ਦੇ ਮੁੱਖ ਬਾਜ਼ਾਰ ਵਿਚ ਵੱਖ-ਵੱਖ ਗਰੁੱਪਾਂ ਰਾਹੀਂ ਜਲੰਧਰ ਸ਼ਹਿਰ ਵਿਖੇ ਇਸਾਈ ਧਰਮ ਦੇ ਮੁੱਖ ਪ੍ਰਚਾਰਕ ਡਾ. ਅੰਕੁਰ ਨਰੂਲਾ ਵਲੋਂ 23 ਤੋਂ 26 ਅਕਤੂਬਰ ਤੱਕ ਹੋਣ ਵਾਲੀ ਪ੍ਰਾਰਥਨਾ ਸਭਾ 'ਚ ਪੁੱਜਣ ਦੇ ਪੈਂਫਲਿਟ ਵੰਡਣ ਲੱਗ ਪਏ, ਜਿਨ੍ਹਾਂ ਦੀ ਭਿਣਕ ਕਸਬੇ ਦੇ ਸਿੱਖ ਪੈਰੋਕਾਰਾਂ ਨੂੰ ਲੱਗ ਗਈ | ਜਿਸ ਦੌਰਾਨ ਕਸਬੇ ਦੇ ਮੁੱਖ ਗੁਰਦੁਆਰਾ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਹਰਦੀਪ ਸਿੰਘ ਸਿੱਧੂ, ਪਿੰਡ ਦੀ ਮਹਿਲਾ ਸਰਪੰਚ ਸੰਦੀਪ ਕੌਰ ਸਿੱਧੂ ਦੇ ਪਤੀ ਬਲਕਾਰ ਸਿੰਘ ਲਾਡੀ, ਜਸਵੰਤ ਸਿੰਘ ਸੰਤਾ ਸਿੱਧੂ, ਰੋਬਿਨ ਸਿੱਧੂ, ਗੋਲੂ ਜੰਡੂ ਤੇ ਹੋਰ ਕਈ ਸਿੱਖ ਪੈਰੋਕਾਰ ਇਕੱਠੇ ਹੋ ਗਏ | ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਦੇ ਪੈਰੋਕਾਰਾਂ ਨੂੰ ਅਜਿਹਾ ਕਰਨ ਤੋਂ ਰੋਕਿਆ | ਪਹਿਲਾਂ ਤਾਂ ਉਹ ਕੁਝ ਸਵਾਲ ਕਰਨ ਲੱਗੇ ਕਿ ਸਾਡਾ ਕਿਸੇ ਧਰਮ ਨਾਲ ਕੋਈ ਵਿਰੋਧ ਨਹੀਂ ਪਰ ਬਾਅਦ 'ਚ ਉਨ੍ਹਾਂ ਨੇ ਬਾਜ਼ਾਰ ਵਿਚੋਂ ਚਲੇ ਜਾਣਾ ਹੀ ਆਪਣਾ ਭਲਾ ਸਮਝਿਆ ਤੇ ਉਹ ਤੁਰੰਤ ਉਸੇ ਬੱਸ 'ਚ ਸਵਾਰ ਹੋ ਕੇ ਵਾਪਸ ਜਲੰਧਰ ਵਾਲੇ ਪਾਸੇ ਚਲੇ ਗਏ | ਇਸ ਮੌਕੇ ਸਿੱਖ ਪੈਰੋਕਾਰਾਂ ਨੇ ਆਖਿਆ ਕਿ ਬਾਜ਼ਾਰਾਂ 'ਚ ਅਜਿਹਾ ਕੂੜ ਪ੍ਰਚਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਜਦ ਕਿ ਇਸ ਸੰਬੰਧੀ ਜਦੋਂ ਯਿਸੂ ਮਸੀਹ ਦੇ ਮੁੱਖ ਪੈਰੋਕਾਰ ਨੇ ਆਖਿਆ ਕਿ ਉਹ ਇਸ ਸਮੇਂ ਉਪਰੋਕਤ ਹੋਣ ਵਾਲੇ ਸਮਾਗਮਾਂ ਸੰਬੰਧੀ ਛਪਾਏ ਗਏ ਪੈਂਫਲਿਟ ਵੰਡਣ ਆਏ ਸੀ |