ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸਥਾਨਕ ਏ. ਐਸ. ਸੀ. ਸੈਕੰਡਰੀ ਸਕੂਲ ਖੰਨਾ ਵਿਖੇ ਅੱਜ ਦੀਵਾਲੀ ਮੌਕੇ ਪੋਸਟਰ ਮੁਕਾਬਲੇ ਅਤੇ ਚਾਰਟ ਮੇਕਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ | ਜਿਸ 'ਚ ਸਕੂਲ ਦੇ ਛੇਵੀਂ ਤੋਂ ਬਾਰ੍ਹਵੀਂ ਤੱਕ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੁਕਾਬਲੇ ਦਾ ਵਿਸ਼ਾ ਪ੍ਰਦੂਸ਼ਣ ਮੁਕਤ ਦੀਵਾਲੀ, ਹਰੀ ਦੀਵਾਲੀ (ਪਰਾਲੀ ਨਾ ਸਾੜਨ), ਨਸ਼ਿਆਂ ਤੋਂ ਗੁਰੇਜ਼ ਅਤੇ ਸਾਫ਼ ਸਫ਼ਾਈ ਦੇ ਧਿਆਨ ਰੱਖਣ ਤੇ ਪੋਸਟਰ ਮੇਕਿੰਗ ਦਾ ਮੁਕਾਬਲਾ ਕਰਵਾਇਆ ਗਿਆ | ਇਸ ਦੌਰਾਨ ਵਿਦਿਆਰਥੀਆਂ ਨੇ ਪੂਰਨ ਰੁਚੀ ਅਤੇ ਉਤਸ਼ਾਹ ਦੇ ਨਾਲ ਭਾਗ ਲਿਆ ਅਤੇ ਪੁਜ਼ੀਸ਼ਨਾਂ ਹਾਸਲ ਕੀਤੀਆਂ | ਪੁਜ਼ੀਸ਼ਨ ਹੋਲਡਰ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ | ਸਕੂਲ ਪਿ੍ੰਸੀਪਲ ਇੰਦਰਜੀਤ ਸਿੰਘ ਨੇ ਕਿਹਾ ਕਿ ਸਾਡੇ ਦੇਸ਼ ਨੂੰ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਕਿਹਾ ਜਾਂਦਾ ਹੈ ਇਹ ਸਾਡੀ ਗੌਰਵਮਈ ਪਰੰਪਰਾ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਜਰੀਆ ਹਨ | ਸਾਨੂੰ ਮਿਲ ਜੁਲ ਕੇ ਰਹਿਣ ਦਾ ਸੰਦੇਸ਼ ਦਿੰਦੇ ਹਨ ਅਤੇ ਉਨ੍ਹਾਂ ਕਿਹਾ ਕਿ ਸਾਨੂੰ ਹਵਾ ਦੀ ਗੁਣਵੱਤਾ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ | ਇਸ ਮੌਕੇ ਸਕੂਲ ਅਧਿਆਪਕ ਜਗਪ੍ਰੀਤ ਸਿੰਘ, ਭੀਮਸੈਨ, ਜਸਪ੍ਰੀਤ ਸਿੰਘ, ਬਲਪ੍ਰੀਤ ਸਿੰਘ, ਸੁਰਿੰਦਰ ਸਿੰਘ ਵਾਲੀਆ, ਗੁਰਬਚਨ ਸਿੰਘ, ਅਨੀਤਾ ਸ਼ਰਮਾ, ਮਨੂ ਮਰਕਣ, ਜਤਿੰਦਰ ਕੁਮਾਰ, ਸੁਮਨਪ੍ਰੀਤ ਕੌਰ ਸੰਜੀਵਨ ਤਿਵਾੜੀ, ਸੰਜੀਵ ਭੰਡਾਰੀ, ਅਨੀਤਾ ਵਾਲੀਆ ਆਦਿ ਹਾਜ਼ਰ ਸਨ |