ਦੋਰਾਹਾ, 19 ਅਕਤੂਬਰ (ਮਨਜੀਤ ਸਿੰਘ ਗਿੱਲ)-ਦੋਰਾਹਾ ਦੇ ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਮੈਨੇਜਮੈਂਟ ਕਮੇਟੀ ਦੀ ਅਗਵਾਈ 'ਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਸਕੂਲ ਮੈਨੇਜਮੈਂਟ ਦੇ ਵਿਸ਼ੇਸ਼ ਉਪਰਾਲੇ ਤਹਿਤ ਖ਼ੁਸ਼ੀਆਂ ਨੂੰ ਸਾਂਝਾਂ ਕਰਦੇ ਹੋਏ ਸਕੂਲ ਵਲੋਂ ਇੱਕ ਮੁਹਿੰਮ ਚਲਾਈ ਗਈ, ਜਿਸ 'ਚ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲੈਂਦੇ ਹੋਏ ਲੋੜਵੰਦ ਲੋਕਾਂ ਨੂੰ ਕੱਪੜੇ, ਜੁੱਤੇ, ਕਾਪੀਆਂ, ਕਿਤਾਬਾਂ, ਸਟੇਸ਼ਨਰੀ ਅਤੇ ਮਠਿਆਈਆਂ ਆਦਿ ਦਾਨ ਕੀਤੇ | ਬੱਚਿਆਂ ਨੇ ਹੱਥ ਨਾਲ ਲੜੀਆਂ ਬਣਾ ਕੇ, ਦੀਵੇ ਸਜਾ ਕੇ ਆਪਣਾ ਹੁਨਰ ਦਿਖਾਇਆ | ਨਰਸਰੀ ਕਲਾਸ ਦੇ ਬੱਚਿਆਂ ਵਲੋਂ ਡਾਸ, ਪੰਜਵੀਂ ਤੋਂ ਦਸਵੀਂ ਕਲਾਸ ਤੱਕ ਦੇ ਲੜਕਿਆਂ ਨੇ ਭੰਗੜੇ ਅਤੇ ਅੱਠਵੀਂ ਕਲਾਸ ਦੀਆਂ ਲੜਕੀਆਂ ਨੇ ਆਪਣੇ ਗਿੱਧੇ ਦੀ ਪੇਸ਼ਕਾਰੀ ਨਾਲ ਖੂਬ ਰੰਗ ਬੰਨਿਆਂ | ਇਸ ਮੌਕੇ ਪਿ੍ੰਸੀਪਲ ਜਤਿੰਦਰ ਸ਼ਰਮਾ ਤੇ ਨੀਰਜ ਸ਼ਰਮਾ ਨੇ ਬੱਚਿਆਂ ਨੂੰ ਦੀਵਾਲੀ ਦੇ ਇਤਿਹਾਸ ਬਾਰੇ ਦੱਸਦੇ ਹੋਏ ਕਿਹਾ ਕਿ ਦੀਵਾਲੀ ਵਾਲੇ ਦਿਨ ਸ੍ਰੀ ਰਾਮ ਚੰਦਰ ਦੇ ਬਣਵਾਸ ਕੱਟ ਕੇ ਅਯੁੱਧਿਆ ਵਾਪਸ ਆਉਣ ਦੀ ਖ਼ੁਸ਼ੀ ਵਿੱਚ ਦੀਪਮਾਲਾ ਕੀਤੀ ਅਤੇ ਸਿੱਖ ਧਰਮ ਦੇ ਲੋਕ ਇਸ ਦਿਨ ਬੰਦੀ ਛੋੜ ਦਿਵਸ ਮਨਾਉਂਦੇ ਹਨ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ 'ਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਅੰਮਿ੍ਤਸਰ ਪਹੁੰਚੇ ਸਨ, ਉਨ੍ਹਾਂ ਦੇ ਆਉਣ ਦੀ ਖੁਸ਼ੀ ਵਿੱਚ ਲੋਕਾਂ ਨੇ ਆਪਣੇ ਘਰਾਂ ਵਿੱਚ ਦੀਵੇ ਜਲਾਏ ਅਤੇ ਦੀਪਮਾਲਾ ਕੀਤੀ | ਇਸ ਤੋਂ ਬਿਨਾਂ ਸਾਰੇ ਵਿਦਿਆਰਥੀਆਂ ਨੇ ਵਾਤਾਵਰਨ ਨੂੰ ਸਾਫ਼ ਬਣਾਈ ਰੱਖਣ ਲਈ ਇਸ ਵਾਰ ਗਰੀਨ ਦੀਵਾਲੀ ਮਨਾਉਣ ਦਾ ਪ੍ਰਣ ਲਿਆ | ਇਸ ਮੌਕੇ ਪਿ੍ੰਸੀਪਲ ਜਤਿੰਦਰ ਸ਼ਰਮਾ ਤੇ ਨੀਰਜ ਸ਼ਰਮਾ ਨੇ ਸਮੂਹ ਸਟਾਫ਼ ਤੇ ਬੱਚਿਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਪ੍ਰਤੀਯੋਗਤਾ 'ਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ | ਇਸ ਮੌਕ ਪਿ੍ੰਸੀਪਲ ਜਤਿੰਦਰ ਸ਼ਰਮਾ, ਨੀਰਜ ਸ਼ਰਮਾ, ਬੌਬੀ ਵੈਦ, ਕਮਲੇਸ਼ ਸ਼ਰਮਾ ਸੀਮਾ ਰਾਣੀ ਤੇ ਸਮੂਹ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |