ਕਰਨੈਲ ਸਿੰਘ ਰੋਡ 'ਤੇ ਬਣੀ ਬੇਸਮੈਂਟ ਤੇ ਬਿਲਡਿੰਗ ਸੰਬੰਧੀ ਮੌਖਿਕ ਹੁਕਮਾਂ ਨੂੰ ਅਦਾਲਤ 'ਚ ਚੁਣੌਤੀ ਦਿਆਂਗੇ-ਬਾਂਸਲ
ਅਜੀਤ ਡੈਸਕ
04-11-2025
ਉਕਤ ਸ਼ਬਦਾਂ ਦਾ ਪ੍ਰਗਟਾਵਾ ਲੋਕ ਸੇਵਾ ਕਲੱਬ ਦੇ ਪ੍ਰਧਾਨ ਪੀ. ਡੀ. ਬਾਂਸਲ ਨੇ ਪੈੱ੍ਰਸ ਮਿਲਣੀ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਜਨ-ਹਿੱਤ ਪਟੀਸ਼ਨ ਰਾਹੀਂ ਮਾਨਯੋਗ ਹਾਈਕੋਰਟ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਕਰਨੈਲ ਸਿੰਘ ਰੋਡ ਤੇ ਇੱਕ ਦੁਕਾਨਦਾਰ ਵੱਲੋਂ ਖੋਦੀ ਗਈ ਨਜਾਇਜ਼ ਬੇਸਮੈਂਟ ਅਤੇ ਉਸਾਰੀਆਂ ਨਜਾਇਜ਼ ਮੰਜ਼ਿਲਾਂ ਨੂੰ ਹਟਾਉਣ ਲਈ ਨਗਰ ਸੁਧਾਰ ਟਰੱਸਟ ਖੰਨਾ ਨੇ ਲਗਾਤਾਰ ਤਿੰਨ ਨੋਟਿਸ ਜਾਰੀ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ | ਇਸ ਤੇ ਮਾਨਯੋਗ ਉਚ ਅਦਾਲਤ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਇਸ ਮਾਮਲੇ ਵਿੱਚ ਸਪੀਕਿੰਗ ਆਡਰ ਪਾਸ ਕਰਨ ਦੇ ਹੁਕਮ ਜਾਰੀ ਕੀਤੇ ਸਨ | ਪ੍ਰੰਤੂ ਟਰੱਸਟ ਅਧਿਕਾਰੀਆਂ ਨੇ ਸਾਰੇ ਨੋਟਿਸਾਂ ਨੂੰ ਇੱਕ ਪਾਸੇ ਕਰਦੇ ਹੋਏ ਉਚ ਅਧਿਕਾਰੀਆਂ ਤੋਂ ਮੰਗ ਕਰ ਦਿੱਤੀ ਕਿ ਇਸ ਮਾਮਲੇ ਦੀ ਜਾਂਚ ਚੀਫ਼ ਵਿਜੀਲੈਂਸ ਅਫ਼ਸਰ, ਸਥਾਨਕ ਸਰਕਾਰਾਂ ਵਿਭਾਗ ਤੋਂ ਕਰਾਈ ਜਾਵੇ | ਕੀ ਪਹਿਲਾਂ ਸਾਲ 2019 ਵਿੱਚ ਟਰੱਸਟ ਨੇ ਬਿਨਾਂ ਕਿਸੇ ਜਾਂਚ ਪੜਤਾਲ ਦੇ ਹੀ ਦੁਕਾਨਦਾਰ ਨੂੰ ਨੋਟਿਸ ਜਾਰੀ ਕਰ ਦਿੱਤੇ ਸਨ ਕਿ ਨਜਾਇਜ਼ ਬੇਸਮੈਂਟ ਛੇ ਘੰਟੇ ਅੰਦਰ-ਅੰਦਰ ਬੰਦ ਕੀਤੀ ਜਾਵੇ ਅਤੇ ਨਿਯਮਾਂ ਦੇ ਵਿਰੁੱਧ ਉਸਾਰੀਆਂ ਮੰਜ਼ਿਲਾਂ ਨੂੰ ਢਾਹਿਆ ਜਾਵੇ |
ਟਰੱਸਟ ਵੱਲੋਂ ਜਾਰੀ ਕੀਤੇ ਨੋਟਿਸ
1. ਪਹਿਲਾ ਨੋਟਿਸ ਨੰਬਰ: 330 ਮਿਤੀ: 12.6.19 ਜਾਰੀ ਕਰਦੇ ਹੋਏ ਲਿਖਿਆ ਗਿਆ ਸੀ ਕਿ ਪਾਸ ਕੀਤੇ ਨਕਸ਼ੇ ਵਿਰੁੱਧ ਬਿਲਡਿੰਗ ਦੀ ਉਸਾਰੀ ਕੀਤੀ ਗਈ ਹੈ ਅਤੇ ਬੇਸਮੈਂਟ ਦੀ ਖੁਦਾਈ ਅਣਅਧਿਕਾਰਤ ਹੈ | ਨੋਟਿਸ ਜੇਰੇ ਧਾਰਾ 195-ਏ, ਆਫ਼ ਮਿੳਾੂਸੀਪਲ ਐਕਟ 1911 ਅਤੇ ਦਾ ਪੰਜਾਬ ਟਾਊਨ ਇੰਪਰੂਵਮੈਂਟ ਐਕਟ, 1922 ਦੀ ਧਾਰਾ 49 ਅਧੀਨ ਨੋਟਿਸ ਜਾਰੀ ਕੀਤਾ ਜਾਂਦਾ ਹੈ ਕਿ ਬੇਸਮੈਂਟ ਦੀ ਖੁਦਾਈ ਤੁਰੰਤ ਬੰਦ ਕੀਤੀ ਜਾਵੇ ਅਤੇ ਅਣਅਧਿਕਾਰਤ ਉਸਾਰੀ ਤਿੰਨ ਦਿਨਾਂ ਦੇ ਅੰਦਰ ਹਟਾ ਦਿੱਤੀ ਜਾਵੇ |
2. ਦੂਜਾ ਨੋਟਿਸ ਨੰਬਰ: 343 ਮਿਤੀ: 19.6.19 ਜਾਰੀ ਕਰਦੇ ਹੋਏ ਲਿਖਿਆ ਗਿਆ ਕਿ ਪਹਿਲੇ ਨੋਟਿਸ ਦੀ ਪਾਲਣਾ ਨਹੀਂ ਕੀਤੀ | ਕਰਨੈਲ ਸਿੰਘ ਰੋਡ ਤੇ ਸਥਿਤ ਆਟਾ ਚੱਕੀ ਸਾਈਟ ਵਿੱਚ ਬੇਸਮੈਂਟ ਦੀ ਖੁਦਾਈ ਰਾਤ ਸਮੇਂ ਜਾਰੀ ਰੱਖੀ ਗਈ ਅਤੇ ਫ਼ਰਸ਼ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਕਿ ਅਣਅਧਿਕਾਰਤ ਹੈ | ਇਸ ਲਈ ਬੇਸਮੈਂਟ ਦੀ ਪੂਰਤੀ/ਭਰਾਈ ਕੀਤੀ ਜਾਵੇ ਅਤੇ ਕੀਤੀ ਗਈ ਅਣਅਧਿਕਾਰਤ ਉਸਾਰੀ ਸੱਤ ਦਿਨਾਂ ਦੇ ਅੰਦਰ-ਅੰਦਰ ਹਟਾ ਦਿੱਤੀ ਜਾਵੇ | ਅਜਿਹਾ ਨਾ ਕਰਨ ਦੀ ਸੂਰਤ ਵਿੱਚ ਟਰੱਸਟ ਅਣ-ਅਧਿਕਾਰਿਤ ਉਸਾਰੀ ਹਟਾ ਦੇਵੇਗਾ ਅਤੇ ਬੇਸਮੈਂਟ ਦੀ ਪੂਰਤੀ/ਭਰਾਈ ਕਰਾਈ ਜਾਵੇਗੀ ਜਿਸਦਾ ਸਾਰਾ ਖਰਚਾ ਆਪ ਦਾ ਹੋਵੇਗਾ |
3. ਤੀਸਰਾ ਨੋਟਿਸ ਨੰਬਰ: 439 ਮਿਤੀ: 9..7.19 ਜਾਰੀ ਕਰਦੇ ਹੋਏ ਟਰੱਸਟ ਨੇ ਲਿਖਿਆ ਕਿ ਆਪ ਨੇ ਟਰੱਸਟ ਦੇ ਨੋਟਿਸਾਂ ਦੀ ਕੋਈ ਪਰਵਾਹ ਨਹੀਂ ਕੀਤੀ | ਹੁਣ ਆਪ ਨੂੰ ਆਖ਼ਰੀ ਨੋਟਿਸ ਜਾਰੀ ਕੀਤਾ ਜਾਂਦਾ ਹੈ ਕਿ ਛੇ ਘੰਟੇ ਦੇ ਅੰਦਰ-ਅੰਦਰ ਨਜਾਇਜ਼ ਉਸਾਰੀ ਹਟਾਈ ਜਾਵੇ ਅਤੇ ਬੇਸਮੈਂਟ ਭਰਾਈ ਜਾਵੇ | ਨਹੀਂ ਤਾਂ ਟਰੱਸਟ ਤੁਹਾਡੇ ਖਰਚੇ ਤੇ ਸਾਰੀ ਕਾਰਵਾਈ ਕਰੇਗਾ |
ਸਪੀਕਿੰਗ ਆਡਰ ਕਰਾਂਗੇ ਚੈਲੰਜ:-
ਬਾਂਸਲ ਨੇ ਕਿਹਾ ਕਿ ਅਸੀਂ ਇਸ ਤਰਾਂ ਟਰੱਸਟ ਅਧਿਕਾਰੀਆਂ ਨੂੰ ਮਾਨਯੋਗ ਹਾਈਕੋਰਟ ਅਤੇ ਪਬਲਿਕ ਦੀਆਂ ਅੱਖਾਂ ਵਿੱਚ ਘੱਟਾ ਨਹੀਂ ਪਾਉਣ ਦੇਵਾਂਗੇ | ਅਸੀਂ ਉਚ ਅਦਾਲਤ ਅੱਗੇ ਸਪਸ਼ਟ ਕਰਾਂਗੇ ਕਿ ਟਰੱਸਟ ਨੇ ਪਹਿਲਾਂ ਹੀ ਸਾਰੀ ਜਾਂਚ ਪੜਤਾਲ ਮੁਕੰਮਲ ਕਰਕੇ ਨਜਾਇਜ਼ ਉਸਾਰੀ ਹਟਾਉਣ ਅਤੇ ਬੇਸਮੈਂਟ ਬੰਦ ਕਰਨ ਦੇ ਨੋਟਿਸ ਜਾਰੀ ਕੀਤੇ ਸਨ ਪਰ ਹੁਣ ਟਰੱਸਟ ਅਧਿਕਾਰੀ ਕਿਸੇ ਹੋਰ ਪਲੈਨ ਦੇ ਅਧੀਨ ਦੁਬਾਰਾ ਜਾਂਚ ਦੀ ਮੰਗ ਕਰ ਰਿਹਾ ਹੈ | ਇਸਦੇ ਨਾਲ ਹੀ ਅਦਾਲਤ ਤੋਂ ਮੰਗ ਕਰਾਂਗੇ ਕਿ ਜਿਨ੍ਹਾਂ ਅਧਿਕਾਰੀਆਂ ਨੇ ਟਰੱਸਟ ਵੱਲੋਂ ਜਾਰੀ ਕੀਤੇ ਨੋਟਿਸਾਂ ਅਨੁਸਾਰ ਕਾਰਵਾਈ ਨਹੀਂ ਕੀਤੀ ਉਨ੍ਹਾਂ ਅਧਿਕਾਰੀਆਂ ਦੀ ਵੀ ਜਵਾਬਦੇਹੀ ਤਹਿ ਕੀਤੀ ਜਾਵੇ | ਬਾਂਸਲ ਦੇ ਨਾਲ ਦਿਲਪ੍ਰੀਤ ਕੈਸ਼ੀਅਰ, ਬਲਦੇਵ ਸ਼ਰਮਾ-ਮੁੱਖ ਸਲਾਹਕਾਰ, ਅਵਤਾਰ ਸਿੰਘ ਮਾਨ ਅਤੇ ਰਾਕੇਸ਼ ਕੁਮਾਰ ਹਾਜ਼ਰ ਸਨ |