ਪੱਖੋਵਾਲ-ਸਰਾਭਾ, 3 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ)-ਜਿਸ ਆਜ਼ਾਦ ਭਾਰਤ ਦਾ ਸੁਪਨਾ ਦੇਖਦਿਆਂ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਸਮੇਤ ਹੋਰਨਾਂ ਦਰਜਨਾਂ ਦੇਸ਼ ਭਗਤਾਂ ਨੇ ਦੇਸ਼ ਦੀ ਆਜਾਦੀ ਲਈ ਆਪਣੀਆ ਜਾਨਾਂ ਕੁਰਬਾਨ ਕੀਤੀਆਂ ਸਨ, ਆਜ਼ਾਦੀ ਦੇ 78 ਸਾਲ ਬੀਤਣ ਉਪਰੰਤ ਵੀ ਸ਼ਹੀਦਾਂ ਦੇ ਸੁਪਨੇ ਸਾਕਾਰ ਨਹੀਂ ਹੋਏ ਸਗੋਂ ਦੇਸ਼ ਅੰਦਰ ਅੱਜ ਵੀ ਬੇਰੁਜ਼ਗਾਰੀ, ਭੁੱਖਮਰੀ, ਮਹਿੰਗਾਈ ਅਨਪੜ੍ਹਤਾ, ਜਾਤ-ਪਾਤ, ਦਹੇਜ ਪ੍ਰਥਾ ਸਮੇਤ ਹੋਰਨਾਂ ਮਾਰੂ ਕੁਰੀਤੀਆਂ ਦਾ ਬੋਲਬਾਲਾ ਹੈ | ਇਹ ਪ੍ਰਗਟਾਵਾ ਪਿੰਡ ਸਰਾਭਾ 'ਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 110ਵੇਂ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਭਾਰਤੀ ਨੌਜਵਾਨ ਸਭਾ ਦੇ 100ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਕੇਰਲ ਤੋਂ ਪੁੱਜੇ ਸ੍ਰੀ ਐੱਮ.ਏ. ਬੇਬੀ ਜਨਰਲ ਸੈਕਟਰੀ ਸੀ.ਪੀ.ਆਈ.ਐੱਮ ਨੇ ਇਕੱਤਰ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇੇ ਉਨ੍ਹਾਂ ਕੇਰਲ 'ਚ ਭੁੱਖਮਰੀ ਨੂੰ ਖ਼ਤਮ ਕਰਨ 'ਤੇ ਸਮੂਹ ਵਰਕਰਾਂ ਨੂੰ ਵਧਾਈ ਵੀ ਦਿੱਤੀ | ਇਸ ਮੌਕੇ ਏ ਰਹੀਮ ਕੌਮੀ ਪ੍ਰਧਾਨ ਜਨਵਾਦੀ ਨੌਜਵਾਨ ਸਭਾ ਨੇ ਕਿਹਾ ਕਿ ਕੇਂਦਰ ਦੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਲੋਕਾਂ ਦੇ ਹਿੱਤ 'ਚ ਫ਼ੈਸਲੇੇ ਨਾ ਲੈਂਦਿਆਂ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀ ਹੈ ਜੋ ਕਿ ਅਤੀ ਨਿੰਦਣਯੋਗ ਤੇ ਦੇਸ਼ ਦੀ ਅਰਥਵਿਵਸਥਾ ਨੂੰ ਤਹਿਸ ਨਹਿਸ ਕਰਨ ਵਾਲਾ ਵਰਤਾਰਾ ਹੈ | ਇਸ ਮੌਕੇ ਹਨਨ ਮੁਲ੍ਹਾ, ਡਾ: ਅਸ਼ੋਕ ਧਾਵਲੇ, ਸੁਖਜੀਤ ਸਿੰਘ ਜਨਰਲ ਸਕੱਤਰ ਪੰਜਾਬ, ਸਾਥੀ ਬਲਬੀਰ ਸਿੰਘ, ਸੁਖਵਿੰਦਰ ਸਿੰਘ ਸੇਖੋਂ ਨੇ ਵੀ ਆਪੋ-ਆਪਣੇ ਵਿਚਾਰ ਪੇਸ਼ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਅੱਗੇ ਆ ਕੇ ਦੇਸ਼ ਦੀ ਵਾਗਡੋਰ ਸੰਭਾਲਣ ਦੀ ਪ੍ਰੇਰਣਾ ਦਿੱਤੀ | ਇਸ ਮੌਕੇ ਪੁੱਜੇ ਪ੍ਰੋ: ਜਗਮੋਹਣ ਸਿੰਘ ਭਾਣਜਾ ਸ਼ਹੀਦ ਭਗਤ ਸਿੰਘ ਅਤੇ ਅਸ਼ੋਕ ਥਾਪਰ ਨਜ਼ਦੀਕੀ ਰਿਸ਼ਤੇਦਾਰ ਸ਼ਹੀਦ ਸੁਖਦੇਵ ਨੂੰ ਸਨਮਾਨ ਚਿੰਨ੍ਹ ਸੂਬਾਈ ਆਗੂ ਸਤਨਾਮ ਸਿੰਘ ਵੜੈਚ ਤੇ ਸ: ਹਰਨੇਕ ਸਿੰਘ ਸਰਾਭਾ ਨੇ ਭੇਂਟ ਕੀਤੇ | ਇਸ ਮੌਕੇ ਸਾਬਕਾ ਪ੍ਰਧਾਨ ਡੈਮੋਕ੍ਰੇਟਿਕ ਟੀਚਰ ਫਰੰਟ ਮਾ: ਜਸਵੀਰ ਸਿੰਘ ਅਕਾਲਗੜ੍ਹ, ਸਾਬਕਾ ਪੰਚ ਕਮਿੱਕਰ ਸਿੰਘ, ਪੰਚ ਪ੍ਰਕਾਸ਼ ਸਿੰਘ, ਕੁਲਜੀਤ ਸਿੰਘ ਭੰਵਰਾ, ਸਤਵਿੰਦਰ ਸਿੰਘ ਧਾਲੀਵਾਲ ਸਟੂਡੀਓ, ਰੁਪਿੰਦਰ ਸਿੰਘ ਮੈਡੀਕਲ ਆਦਿ ਸਮੇਤ ਵੱਡੀ ਗਿਣਤੀ 'ਚ ਆਗੂ ਤੇ ਵਰਕਰ ਹਾਜ਼ਰ ਸਨ |