ਖੰਨਾ, 20 ਦਸੰਬਰ (ਹਰਜਿੰਦਰ ਸਿੰਘ ਲਾਲ)- ਸਮਾਜ ਸੇਵੀ ਹਰਪ੍ਰੀਤ ਸਿੰਘ ਪਿ੍ੰਸ ਦੇ ਯਤਨਾਂ ਨਾਲ ਵਾਰਡ ਨੰਬਰ 21, ਮੁਹੱਲਾ ਮਾਤਾ ਰਾਣੀ 'ਚੋਂ ਅਵਾਰਾ ਕੁੱਤਿਆਂ ਨੂੰ ਫੜਨ ਲਈ ਅੱਜ ਦੂਸਰੀ ਵਾਰ ਇਕ ਵਿਸ਼ੇਸ਼ ਟੀਮ ਪੁੱਜੀ | ਇਸ ਟੀਮ ਨੇ ਮੁਹੱਲਾ ਮਾਤਾ ਰਾਣੀ ਦੀਆਂ ਗਲੀਆਂ ਅਤੇ ਬੈਂਕ ਕਲੋਨੀ 'ਚੋਂ ਕਈ ਕੁੱਤੇ ਪਕੜੇ | ਇਸ ਟੀਮ ਦੀ ਅਗਵਾਈ ਕਰਨ ਵਾਲੇ ਵਿਕਾਸ ਕੁਮਾਰ ਨੇ ਦੱਸਿਆ ਕਿ ਫੜੇ ਗਏ ਅਵਾਰਾ ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇਗੀ ਅਤੇ ਰੈਬੀਜ਼ ਦੇ ਇੰਜੈੱਕਸ਼ਨ ਲਗਾਏ ਜਾਣਗੇ | ਗੌਰਤਲਬ ਹੈ ਕਿ 'ਵਾਇਸ ਆਫ਼ ਖੰਨਾ ਸਿਟੀਜ਼ਨਜ਼' ਦੇ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਅਤੇ ਐਡਵੋਕੇਟ ਪਰਮਜੀਤ ਸਿੰਘ ਦੀ ਅਗਵਾਈ 'ਚ ਖੰਨਾ ਬਾਰ ਐਸੋਸੀਏਸ਼ਨ ਦੇ ਐਡਵੋਕੇਟਸ ਨੇ 29 ਜਨਵਰੀ ਨੂੰ ਐਸ. ਡੀ. ਐਮ ਖੰਨਾ ਦੇ ਨਾਮ ਮੰਗ ਪੱਤਰ ਸੌਂਪਕੇ ਕੁੱਤਿਆਂ ਦੀ ਵੱਧ ਰਹੀ ਸੰਖਿਆ 'ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਖੰਨਾ ਸ਼ਹਿਰ ਤੇ ਹਲਕੇ 'ਚ ਕੁੱਤਿਆਂ ਦੀ ਨਸਬੰਦੀ ਕਰਨ ਅਤੇ ਅਵਾਰਾ ਕੁੱਤਿਆਂ ਦੇ ਇੰਜੈੱਕਸ਼ਨ ਲਗਾਉਣ ਲਈ ਮੁਹਿੰਮ ਸ਼ੁਰੂ ਕਰਨ ਦੀ ਮੰਗ ਕੀਤੀ ਸੀ | ਕੁੱਤੇ ਫੜਨ ਲਈ ਚਲਾਈ ਮੁਹਿੰਮ ਲਈ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ, ਸੈਨਟਰੀ ਇੰਸਪੈਕਟਰ ਸਵਿਤਾ ਜੋਸ਼ੀ ਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਗਿਆ |