ਦੋਰਾਹਾ, 28 ਦਸੰਬਰ (ਮਨਜੀਤ ਸਿੰਘ ਗਿੱਲ)- ਦੋਰਾਹਾ ਪੁਲਿਸ ਨੇ ਰਾਜਗੜ੍ਹ ਪਿੰਡ ਦੇ ਗੋਲੀ ਕਾਂਡ ਦੇ ਮੁੱਖ ਦੋਸ਼ੀ ਨੂੰ ਇਕ ਮੁਕਾਬਲੇ ਵਿੱਚ ਗੋਲੀ ਮਾਰ ਦਿੱਤੀ ਅਤੇ ਉਸ ਨੰੂ ਅਤੇ ਉਸ ਦੇ ਸਾਥੀ ਨੂੰ ਜੀ. ਟੀ. ਰੋਡ 'ਤੇ ਕੇ. ਐਫ. ਸੀ ਦੇ ਪਿੱਛੇ ਛੱਡੀ ਹੋਈ ਉਜਾੜ ਕਲੋਨੀ ਵਿਚ ਗਿ੍ਫ਼ਤਾਰ ਕਰ ਲਿਆ | ਇਸ ਮੌਕੇ ਐਸ. ਐਸ. ਪੀ ਖੰਨਾ, ਡਾ. ਜੋਤੀ ਯਾਦਵ ਅਤੇ ਵੱਡੀ ਪੁਲਿਸ ਫੋਰਸ ਮੌਕੇ 'ਤੇ ਪਹੁੰਚੀ | ਬੀਤੀ ਦੇਰ ਰਾਤ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਐਸ. ਐਸ. ਪੀ ਡਾ. ਜੋਤੀ ਯਾਦਵ ਬੈਂਸ ਨੇ ਦੱਸਿਆ ਕਿ ਪਿਛਲੇ ਦਿਨੀਂ ਦੋਰਾਹਾ ਦੇ ਨੇੜਲੇ ਪਿੰਡ ਰਾਜਗੜ੍ਹ ਵਿਖੇ ਇਕ ਨੌਜਵਾਨ ਨੇ ਆਪਣੇ ਸਾਥੀ ਨਾਲ ਮੋਟਰਸਾਈਕਲ 'ਤੇ ਆਕੇ ਪਿੰਡ ਦੇ ਕਾਰਜਕਾਰੀ ਸਰਪੰਚ ਗੋਲਡੀ ਤੇ ਗੋਲੀਆਂ ਚਲਾ ਦਿੱਤੀਆਂ ਸੀ, ਜਿਸ ਦੇ ਸੰਬੰਧ ਚ ਦੋਰਾਹਾ ਪੁਲਿਸ ਨੇ ਚਾਰ ਅਰੋਪੀਆਂ ਤੇ ਮਾਮਲਾ ਦਰਜ ਕਰਕੇ ਅਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਇਸ ਘਟਨਾ 'ਚ ਗੋਲਡੀ ਵਾਲ-ਵਾਲ ਬਚ ਗਿਆ | ਇਹ ਘਟਨਾ ਮੁੱਖ ਦੋਸ਼ੀ ਦੇ ਭਰਾਵਾਂ ਅਤੇ ਕਾਰਜਕਾਰੀ ਸਰਪੰਚ ਗੋਲਡੀ ਵਿਚਕਾਰ ਦਸਤਾਵੇਜ਼ਾਂ 'ਤੇ ਦਸਤਖ਼ਤ ਕਰਨ ਨੂੰ ਲੈ ਕੇ ਹੋਏ ਝਗੜੇ ਕਾਰਨ ਹੋਈ | ਦੋਰਾਹਾ ਪੁਲਿਸ ਵਲੋਂ ਚਾਰ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ | ਪੁਲਿਸ ਇਨ੍ਹਾਂ ਮੁਲਜ਼ਮਾਂ ਨੂੰ ਫੜਨ ਲਈ ਕਈ ਦਿਨਾਂ ਤੋਂ ਛਾਪੇਮਾਰੀ ਕਰ ਰਹੀ ਸੀ | ਪੁਲਿਸ ਨੂੰ ਇਨ੍ਹਾਂ ਮੁਲਜ਼ਮਾਂ ਬਾਰੇ ਜਾਣਕਾਰੀ ਮਿਲੀ ਕਿ ਇਹ ਲੋਕ ਦੋਰਾਹਾ ਜੀ. ਟੀ. ਰੋਡ 'ਤੇ ਕੇਐਫਸੀ ਦੇ ਪਿੱਛੇ ਬਣੀ ਇੱਕ ਸੁੰਨਸਾਨ ਕਾਲੋਨੀ ਵਿੱਚ ਲੁਕੇ ਹੋਏ ਹਨ | ਜਦੋਂ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਤਾਂ ਮੁਲਜ਼ਮ ਪੁਲਿਸ ਪਾਰਟੀ ਨੂੰ ਦੇਖ ਕੇ ਆਪਣਾ ਮੋਟਰਸਾਈਕਲ ਲੈ ਕੇ ਭੱਜਣ ਲੱਗੇ | ਅੱਗੇ ਜਾਣ ਤੋਂ ਬਾਅਦ, ਮੁਲਜ਼ਮਾਂ ਨੇ ਮੋਟਰਸਾਈਕਲ ਸੁੱਟ ਦਿੱਤਾ ਅਤੇ ਇੱਕ ਬੰਦ ਘਰ ਦੀ ਕੰਧ ਟੱਪ ਕੇ ਅੰਦਰ ਵੜ ਗਏ, ਜਿੱਥੇ ਇਕ ਵਿਅਕਤੀ ਨੂੰ ਪੁਲਿਸ ਨੇ ਫੜ ਲਿਆ | ਮੁੱਖ ਮੁਲਜ਼ਮ ਇੰਦਰਜੀਤ ਸਿੰਘ ਕੰਧ ਟੱਪ ਕੇ ਭੱਜਣ ਲੱਗਾ | ਪੁਲਿਸ ਪਾਰਟੀ ਨੂੰ ਸਾਹਮਣੇ ਦੇਖ ਕੇ ਇੰਦਰਜੀਤ ਸਿੰਘ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ ਵਿੱਚੋਂ ਇੱਕ ਪੁਲਿਸ ਗੱਡੀ ਦੇ ਬੰਪਰ ਨਾਲ ਟਕਰਾ ਗਿਆ ਅਤੇ ਦੂਜਾ ਡਰਾਈਵਰ ਸੀਟ ਦੇ ਦਰਵਾਜ਼ੇ ਨਾਲ ਟਕਰਾ ਗਿਆ | ਪੁਲਿਸ ਵੱਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਵਿੱਚ ਮੁਲਜ਼ਮ ਦੀ ਲੱਤ 'ਤੇ ਗੋਲੀ ਲੱਗੀ, ਜਿਸ ਨਾਲ ਉਹ ਜ਼ਖਮੀ ਹੋ ਗਿਆ ਅਤੇ ਉਸ ਨੰੂ ਫੜ ਲਿਆ ਗਿਆ | ਐਸ. ਐਸ. ਪੀ. ਡਾਕਟਰ ਜੋਤੀ ਯਾਦਵ ਨੇ ਦੱਸਿਆ ਕਿ ਮੁੱਖ ਮੁਲਜ਼ਮ ਇੰਦਰਜੀਤ ਸਿੰਘ ਵਿਰੁੱਧ ਪਹਿਲਾਂ ਹੀ ਮਾਮਲੇ ਦਰਜ ਹਨ | ਮੁੱਖ ਮੁਲਜ਼ਮ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ | ਪੁਲਿਸ ਨੇ ਮੌਕੇ 'ਤੇ ਮੁਲਜ਼ਮਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਹਨ |