ਬਰਨਾਲਾ, 2 ਜੂਨ (ਗੁਰਪ੍ਰੀਤ ਸਿੰਘ ਲਾਡੀ)-ਟਰਾਈਡੈਂਟ ਗਰੁੱਪ ਦੇ ਟਰਾਈਡੈਂਟ ਹਿਊਮਨਿਟੀ ਫਾਊਾਡੇਸ਼ਨ ਦੀ ਸੀ.ਐੱਸ.ਆਰ. ਪਹਿਲਕਦਮੀ ਤਹਿਤ ਟਰਾਈਡੈਂਟ ਦੇ ਸੰਸਥਾਪਕ ਪਦਮਸ੍ਰੀ ਰਾਜਿੰਦਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਨੂੰ 5 ਲੱਖ ਰੁਪਏ ਦੀ ਲਾਗਤ ਨਾਲ ਮਨਰੇਗਾ ਮਜ਼ਦੂਰਾਂ ਲਈ 30 ਪੋਰਟੇਬਲ ਸਾਈਕਲ 300 ਲੀਟਰ ਪਾਣੀ ਵਾਲੀਆਂ ਟੈਂਕੀਆਂ ਦਿੱਤੀਆਂ ਗਈਆਂ | ਇਹ ਟੈਂਕੀਆਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਵਲੋਂ ਜ਼ਿਲ੍ਹੇ ਦੇ 30 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਭੇਜੀਆਂ ਗਈਆਂ ਹਨ ਤਾਂ ਜੋ ਪਿੰਡਾਂ ਵਿਚ ਕੰਮ ਕਰਦੇ ਮਨਰੇਗਾ ਮਜ਼ਦੂਰਾਂ ਨੂੰ ਅੱਤ ਦੀ ਗਰਮੀ ਵਿਚ ਜੋ ਪੀਣ ਵਾਲੇ ਪਾਣੀ ਸਬੰਧੀ ਮੁਸ਼ਕਿਲ ਆਉਂਦੀ ਸੀ, ਦੀ ਸਹੂਲਤ ਮਿਲ ਸਕੇ ਕਿਉਂਕਿ ਮਨਰੇਗਾ ਮਜ਼ਦੂਰ ਦੂਰ-ਦੁਰਾਡੇ ਪਿੰਡਾਂ ਵਿਚ ਮਜ਼ਦੂਰੀ ਦਾ ਕੰਮ ਕਰਦੇ ਹਨ | ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਵਲੋਂ ਟਰਾਈਡੈਂਟ ਗਰੁੱਪ ਵਲੋਂ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਟਰਾਈਡੈਂਟ ਨੇ ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮਾਂ ਵਿਚ ਜ਼ਿਲ੍ਹਾ ਪ੍ਰਸ਼ਾਸਨ ਦਾ ਅੱਗੇ ਹੋ ਕੇ ਸਾਥ ਦਿੱਤਾ ਹੈ | ਟਰਾਈਡੈਂਟ ਅਧਿਕਾਰੀ ਰੁਪਿੰਦਰ ਗੁਪਤਾ ਨੇ ਕਿਹਾ ਕਿ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮਸ੍ਰੀ ਰਾਜਿੰਦਰ ਗੁਪਤਾ ਦੀ ਅਗਵਾਈ ਹੇਠ ਟਰਾਈਡੈਂਟ ਹਿਊਮਨਿਟੀ ਫਾਊਾਡੇਸ਼ਨ ਵਲੋਂ ਪਹਿਲਾਂ ਵੀ ਸਮਾਜ ਸੇਵੀ ਕੰਮਾਂ ਵਿਚ ਮੋਹਰੀ ਹੋ ਕੇ ਕੰਮ ਕੀਤਾ ਜਾ ਰਿਹਾ ਹੈ | ਇਸੇ ਤਹਿਤ ਹੀ ਮਨਰੇਗਾ ਮਜ਼ਦੂਰਾਂ ਲਈ 30 ਪੋਰਟੇਬਲ ਸਾਈਕਲ 300 ਲੀਟਰ ਪਾਣੀ ਵਾਲੀਆਂ ਟੈਂਕੀਆਂ ਦਿੱਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਟਰਾਈਡੈਂਟ ਗਰੁੱਪ ਵਲੋਂ ਲਗਾਤਾਰ ਪਿੰਡਾਂ ਤੇ ਸ਼ਹਿਰਾਂ ਵਿਚ ਵਾਤਾਵਰਨ ਦੀ ਸੰਭਾਲ ਲਈ ਵੱਡੇ ਪੱਧਰ 'ਤੇ ਪੌਦੇ ਲਗਾਉਣ, ਲੋਕਾਂ ਦੀ ਸਿਹਤ ਸਬੰਧੀ ਜਾਂਚ ਲਈ ਮੈਡੀਕਲ ਕੈਂਪ ਲਾਉਣ, ਸਰਕਾਰੀ ਸਕੂਲਾਂ ਵਿਚ ਕਮਰਿਆਂ ਤੇ ਬਾਥਰੂਮਾਂ ਦੀ ਉਸਾਰੀ ਤੇ ਮੁਰੰਮਤ, ਇਲਾਕੇ ਦੀ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੀ ਆਰਥਿਕ ਸਹਾਇਤਾ ਕੀਤੀ ਜਾ ਰਹੀ ਹੈ ਅਤੇ ਇਹ ਸਮਾਜ ਸੇਵੀ ਅੱਗੇ ਵੀ ਜਾਰੀ ਰਹਿਣਗੇ | ਇਸ ਮੌਕੇ ਏ.ਡੀ.ਸੀ. (ਵਿਕਾਸ) ਸਤਵੰਤ ਸਿੰਘ, ਡੀ.ਡੀ.ਪੀ.ਓ. ਅਮਰਿੰਦਰ ਸਿੰਘ, ਮਨਰੇਗਾ ਕੋਆਰਡੀਨੇਟਰ ਮਨਦੀਪ ਸਿੰਘ, ਟਰਾਈਡੈਂਟ ਅਧਿਕਾਰੀ ਦੀਪਕ ਗਰਗ ਆਦਿ ਵੀ ਹਾਜ਼ਰ ਸਨ |