ਬਰਨਾਲਾ, 3 ਜੂਨ (ਨਰਿੰਦਰ ਅਰੋੜਾ)-ਦਾਣਾ ਮੰਡੀ ਦੇ ਅੰਦਰ ਪਏ ਕੂੜੇ ਕਰਕਟ ਦੇ ਢੇਰ ਜਿੱਥੇ ਰਾਹਗੀਰਾਂ ਅਤੇ ਦੁਕਾਨਦਾਰਾਂ ਲਈ ਮੁਸ਼ਕਲ ਪੈਦਾ ਕਰ ਰਹੇ ਹਨ ਉੱਥੇ ਹੀ ਬਿਮਾਰੀਆਂ ਨੂੰ ਸੱਦਾ ਵੀ ਦੇ ਰਹੇ ਹਨ | ਗੱਲਬਾਤ ਕਰਦਿਆਂ ਆਸ-ਪਾਸ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਮੋਹਨੀਤ, ਸੰਜੀਵ ਕੁਮਾਰ ਕਾਲੂ, ਰਵਿੰਦਰ ਬਿੱਲੀ, ਦੁਰਗੇਸ਼ ਕੁਮਾਰ, ਸਤੀਸ਼ ਕੁਮਾਰ, ਹੈਪੀ ਧੀਮਾਨ ਆਦਿ ਨੇ ਕਿਹਾ ਕਿ ਇਕ ਪਾਸੇ ਤਾਂ ਕੋਰੋਨਾ ਮਹਾਂਮਾਰੀ ਦਾ ਡਰ ਲੋਕਾਂ ਵਿਚ ਫਿਰ ਦੁਬਾਰਾ ਬਣਿਆ ਹੋਇਆ ਹੈ | ਦੂਜੇ ਪਾਸੇ ਇਹ ਗੰਦਗੀ ਦੇ ਢੇਰ ਕੀ ਕੋਰੋਨਾ ਮਹਾਂਮਾਰੀ ਨੂੰ ਦਾਅਵਤ ਨਹੀਂ ਦੇ ਰਹੇ | ਜੇ ਕੋਰੋਨਾ ਪੰਜਾਬ ਵਿਚ ਨਹੀਂ ਆਉਣਾ ਹੋਇਆ ਤਾਂ ਅਜਿਹੀ ਗੰਦਗੀ ਜ਼ਰੂਰ ਲੈ ਆਵੇਗੀ | ਇੱਥੋਂ ਲੰਘਣ ਵੇਲੇ ਬਹੁਤ ਜ਼ਿਆਦਾ ਬਦਬੂ ਮਾਰਦੀ ਹੈ ਅਤੇ ਆਵਾਰਾ ਪਸ਼ੂ ਲੜਦੇ ਹੋਏ ਦਿਖਾਈ ਦਿੰਦੇ ਹਨ ਜੋ ਕਿ ਦੁਰਘਟਨਾਵਾਂ ਦਾ ਕਾਰਨ ਵੀ ਬਣਦੇ ਹਨ | ਦਾਣਾ ਮੰਡੀ ਵਿਖੇ ਹੀ ਰਾਜਨੀਤਿਕ ਪਾਰਟੀਆਂ ਦੀਆਂ ਰੈਲੀਆਂ ਜਾਂ ਫਿਰ ਵੱਡੇ ਪ੍ਰੋਗਰਾਮ ਹੁੰਦੇ ਹਨ ਪਰ ਪ੍ਰਸ਼ਾਸਨ ਵਲੋਂ ਇਸ ਗੰਦਗੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਦਕਿ ਇਹ ਕੂੜੇ ਦੇ ਢੇਰ ਦਾਣਾ ਮੰਡੀ ਦਾ ਦੂਸਰਾ ਗੇਟ ਵੜਦਿਆਂ ਹੀ ਸਾਹਮਣੇ ਹੀ ਪਏ ਹਨ | ਉਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਕੂੜੇ ਨੂੰ ਇੱਥੋਂ ਚੁਕਵਾਇਆ ਜਾਵੇ ਤਾਂ ਜੋ ਅਸੀਂ ਸੁੱਖ ਦਾ ਸਾਹ ਲੈ ਸਕੀਏ | ਜੇ ਇਸ ਕੂੜੇ ਕਰਕਟ ਨੂੰ ਇੱਥੋਂ ਨਾ ਚੁਕਵਾਇਆ ਗਿਆ ਤਾਂ ਅਸੀਂ ਇਕੱਠੇ ਹੋ ਕੇ ਹੋਰ ਜਥੇਬੰਦੀਆਂ ਨਾਲ ਲੈ ਕੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ |