ਬਰਨਾਲਾ, 3 ਜੂਨ (ਗੁਰਪ੍ਰੀਤ ਸਿੰਘ ਲਾਡੀ)-ਨਗਰ ਕੌਂਸਲ ਵਾਰਡ ਨੰਬਰ 9 ਅਧੀਨ ਆਉਂਦੀ ਖੱਤਰੀਆਂ ਵਾਲੀ ਗਲੀ ਵਿਚ ਲਗਭਗ ਇੱਕ ਮਹੀਨਾ ਪਹਿਲਾਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਵਲੋਂ ਕਰੀਬ 15 ਲੱਖ ਰੁਪਏ ਦੀ ਲਾਗਤ ਨਾਲ ਗਲੀ ਵਿਚ ਇੰਟਰਲਾਕ ਟਾਈਲਾਂ ਲਾਉਣ ਅਤੇ ਗਲੀ ਚੈਂਬਰ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ | ਪਰ ਨਗਰ ਕੌਂਸਲ ਬਰਨਾਲਾ ਦੇ ਅਧਿਕਾਰੀਆਂ ਦੀ ਅਣਦੇਖੀ ਕਾਰਨ ਸਬੰਧਿਤ ਠੇਕੇਦਾਰ ਵਲੋਂ ਜਿੱਥੇ ਇਹ ਕੰਮ ਵਿਚਾਲੇ ਹੀ ਅਧੂਰਾ ਛੱਡ ਦਿੱਤਾ ਗਿਆ ਹੈ ਉੱਥੇ ਗਲੀ ਵਿਚ ਜਿਨ੍ਹਾਂ ਵੀ ਕੰਮ ਕੀਤਾ ਗਿਆ ਉਹ ਵੀ ਬਿਨਾਂ ਕਿਸੇ ਲੈਵਲ ਅਤੇ ਮਾੜੇ ਢੰਗ ਨਾਲ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਖੱਤਰੀਆਂ ਵਾਲੀ ਗਲੀ ਵਾਸੀਆਂ ਕੁਲਤਾਰ ਸਿੰਘ ਤਾਰੀ, ਬਲਵੀਰ ਸਿੰਘ ਭੰਡਾਰੀ, ਮਿ: ਦਲਜੀਤ ਸਿੰਘ, ਜਗਦੀਪ ਕੁਮਾਰ, ਧਰਮੇਸ਼ ਕੁਮਾਰ, ਰਾਹੁਲ ਕੁਮਾਰ, ਜਸਵੰਤ ਸਿੰਘ ਆਦਿ ਨੇ ਦੱਸਿਆ ਕਿ ਸਬੰਧਿਤ ਠੇਕੇਦਾਰ ਵਲੋਂ ਇੰਟਰਲਾਕ ਟਾਈਲਾਂ ਲਾਉਣ ਸਮੇਂ ਲੈਵਲ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਗਿਆ | ਜਿਸ ਕਾਰਨ ਗਲੀ ਦੀ ਸੜਕ ਮੁੱਖ ਸੜਕ ਤੋਂ ਲਗਭਗ 6 ਇੰਚ ਤੋਂ 9 ਇੰਚ ਤੱਕ ਨੀਵੀਂ ਹੋ ਗਈ ਹੈ | ਇਸ ਤੋਂ ਇਲਾਵਾ ਗਲੀ ਵਿਚ ਥਾਂ-ਥਾਂ ਲੈਵਲ ਉੱਚਾ-ਨੀਵਾਂ ਜਿਸ ਕਾਰਨ ਉਨ੍ਹਾਂ ਦੇ ਘਰਾਂ ਅੱਗੇ ਸਾਰਾ-ਸਾਰਾ ਦਿਨ ਪਾਣੀ ਖੜ੍ਹਾ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਹੁਣ ਪਿਛਲੇ ਕਈ ਦਿਨਾਂ ਤੋਂ ਠੇਕੇਦਾਰ ਵਲੋਂ ਕੰਮ ਵੀ ਵਿਚਾਲੇ ਹੀ ਛੱਡ ਦਿੱਤਾ ਗਿਆ ਹੈ | ਇਸ ਸਮੱਸਿਆ ਸਬੰਧੀ ਉਨ੍ਹਾਂ ਵਲੋਂ ਕਈ ਵਾਰ ਨਗਰ ਕੌਂਸਲ ਬਰਨਾਲਾ ਦੇ ਕਾਰਜ ਸਾਧਕ ਅਫ਼ਸਰ, ਹੋਰ ਅਧਿਕਾਰੀਆਂ ਅਤੇ ਵਾਰਡ ਦੇ ਕੌਂਸਲਰ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਪਰ ਉਨ੍ਹਾਂ ਵਲੋਂ ਕੋਈ ਗੱਲ ਨਹੀਂ ਸੁਣੀ ਜਾ ਰਹੀ | ਜਿਸ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਗਲੀ ਦਾ ਅਧੂਰਾ ਰਹਿੰਦਾ ਕੰਮ ਜਲਦ ਸ਼ੁਰੂ ਨਾ ਕੀਤਾ ਗਿਆ ਅਤੇ ਇੰਟਰਲਾਕ ਟਾਈਲਾਂ ਲੈਵਲ ਅਨੁਸਾਰ ਨਾ ਲਾਈਆਂ ਗਈਆਂ ਤਾਂ ਅਗਲੇ ਦਿਨਾਂ ਵਿਚ ਮੁਹੱਲਾ ਨਿਵਾਸੀਆਂ ਵਲੋਂ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਾ ਪਵੇਗਾ |