ਤਪਾ ਮੰਡੀ, 3 ਜੂਨ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਡਾਇਰੈਕਟਰ ਸਿਹਤ ਸੇਵਾਵਾਂ ਡਾ: ਹਿਤਿੰਦਰ ਕੌਰ, ਐਨ.ਪੀ-ਐਨ.ਸੀ.ਡੀ. ਪ੍ਰੋਗਰਾਮ ਦੇ ਸਟੇਟ ਨੋਡਲ ਅਫ਼ਸਰ ਡਾ: ਗਗਨਦੀਪ ਸਿੰਘ ਗਰੋਵਰ ਤੇ ਸਿਵਲ ਸਰਜਨ ਡਾ: ਬਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਵਿਸ਼ਵ ਹਾਈਪਰਟੈਂਸ਼ਨ ਸਬੰਧੀ ਮਹੀਨਾ 16 ਜੂਨ ਤੱਕ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਅੱਜ ਸਿਹਤ ਬਲਾਕ ਤਪਾ ਅਧੀਨ ਪਿੰਡ ਘੁੰਨਸ ਵਿਖੇ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਬਾਰੇ ਜਾਗਰੂਕ ਕਰਦੀ ਸਾਈਕਲ ਰੈਲੀ ਕੱਢੀ ਗਈ | ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ: ਇੰਦੂ ਬਾਂਸਲ ਨੇ ਕਿਹਾ ਕਿ ਇਹ ਮਹੀਨਾ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਹਾਈਪਰਟੈਂਸ਼ਨ ਜਿਸ ਨੂੰ ਆਮ ਤੌਰ 'ਤੇ ਹਾਈ ਬਲੱਡ ਪ੍ਰੈਸ਼ਰ ਵੀ ਕਿਹਾ ਜਾਂਦਾ ਹੈ, ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ | ਉਨ੍ਹਾਂ ਕਿਹਾ ਕਿ ਹਾਈਪਰਟੈਂਸ਼ਨ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਜਿਵੇਂ ਕਿ ਸਟਰੋਕ, ਦਿਲ ਦੇ ਦੌਰੇ ਅਤੇ ਗੁਰਦੇ ਦੀ ਬਿਮਾਰੀ ਆਦਿ ਦਾ ਮੁੱਖ ਕਾਰਨ ਬਣ ਸਕਦਾ ਹੈ | ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਜੋ ਹਾਈਪਰਟੈਂਸ਼ਨ ਤੋਂ ਪੀੜਤ ਹੁੰਦੇ ਹਨ, ਉਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਇਸ ਤੋਂ ਪੀੜਤ ਹਨ | ਉਨ੍ਹਾਂ ਕਿਹਾ ਕਿ ਦਵਾਈਆਂ ਦੀ ਵਰਤੋਂ ਅਤੇ ਸਕਾਰਾਤਮਿਕ ਜੀਵਨ ਸ਼ੈਲੀ ਅਪਣਾ ਕੇ ਇਸ ਦੀ ਰੋਕਥਾਮ ਹੋ ਸਕਦੀ ਹੈ | ਇਸ ਮੌਕੇ ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ ਤੇ ਸੀ.ਐੱਚ.ਓ. ਸੰਦੀਪ ਕੌਰ ਨੇ ਦੱਸਿਆ ਕਿ ਵਿਸ਼ਵ ਹਾਈਪਰਟੈਂਸ਼ਨ ਸਬੰਧੀ 16 ਜੂਨ ਤੱਕ ਮਨਾਏ ਜਾ ਰਹੇ ਮਹੀਨਾ, ਹਾਈਪਰਟੈਂਸ਼ਨ ਬਾਰੇ ਜਾਗਰੂਕਤਾ ਪੈਦਾ ਕਰਨਾ, ਸਥਿਤੀ ਦਾ ਜਲਦੀ ਪਤਾ ਲਗਾਉਣ ਅਤੇ ਸਿਹਤਮੰਦ ਭਵਿੱਖ ਲਈ ਹਾਈ ਬਲੱਡ ਪ੍ਰੈਸ਼ਰ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਹਾਈਪਰਟੈਂਸ਼ਨ ਤੋਂ ਬਚਣ ਲਈ ਰੋਜ਼ਾਨਾ ਅੱਧਾ ਘੰਟਾ ਸੈਰ, ਮੈਡੀਟੇਸ਼ਨ ਅਤੇ ਕਸਰਤ ਕਰਨੀ ਚਾਹੀਦੀ ਹੈ ਤੇ ਨਮਕ ਅਤੇ ਤਲੀਆਂ ਹੋਈਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਵਿਸ਼ਵ ਹਾਈਪਰਟੈਂਸ਼ਨ ਦਿਵਸ ਦਾ ਇਸ ਸਾਲ ਦਾ ਵਿਸ਼ਾ ਆਪਣੇ ਬਲੱਡ ਪ੍ਰੈਸ਼ਰ ਨੂੰ ਸਹੀ ਢੰਗ ਨਾਲ ਮਾਪੋ, ਇਸ ਨੂੰ ਨਿਯੰਤਰਨ ਕਰੋ, ਲੰਬੇ ਸਮੇਂ ਤੱਕ ਜੀਓ ਹੈ | ਇਸ ਵਿਸ਼ੇ ਦਾ ਉਦੇਸ਼ ਬਲੱਡ ਪ੍ਰੈਸ਼ਰ ਦੇ ਸਹੀ ਮਾਪ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮ.ਪ.ਹ.ਵ ਰਮਨਦੀਪ ਸਿੰਘ, ਏ.ਐਨ.ਐਮ ਹਰਪ੍ਰੀਤ ਕੌਰ ਆਦਿ ਹਾਜ਼ਰ ਸਨ |