ਟੱਲੇਵਾਲ, 3 ਜੂਨ (ਸੋਨੀ ਚੀਮਾ)-ਫਿਊਚਰ ਰੈਡੀ ਇੰਟਰਨੈਸ਼ਨਲ ਸਕੂਲ ਟੱਲੇਵਾਲ ਵਿਖੇ ਤਿੰਨ ਰੋਜ਼ਾ ਸਮਰ ਕੈਂਪ-2025 ਲਗਾਇਆ ਗਿਆ | ਕੈਂਪ ਦੇ ਪਹਿਲੇ ਦਿਨ ਨੰਨ੍ਹੇ ਵਿਦਿਆਰਥੀਆਂ ਦੇ ਹੱਥੋ ਸਾਂਝੇ ਤੌਰ 'ਤੇ ਰੀਬਨ ਕਟਵਾ ਕੇ ਉਦਘਾਟਨ ਕੀਤਾ ਗਿਆ | ਕੈਂਪ ਦੌਰਾਨ ਵਿਦਿਆਰਥੀਆਂ ਦੀਆਂ ਵਿਸ਼ੇਸ਼ ਤੌਰ 'ਤੇ ਭੰਗੜਾ, ਗਿੱਧਾ, ਡਾਂਸ, ਕੁਕਿੰਗ, ਆਰਟ ਐੰਡ ਕਰਾਫ਼ਟ, ਪੇਪਰ ਕਰਾਫ਼ਟ, ਵੇਸਟ ਮਟੀਰੀਅਲ ਕਰਾਫ਼ਟ ਆਦਿ ਦੀਆਂ ਕਲਾਸਾਂ ਅਹਿਮ ਰਹੀਆਂ | ਇਸ ਤਿੰਨ ਰੋਜ਼ਾ ਕੈਂਪ ਦੌਰਾਨ ਵਿਦਿਆਰਥੀਆਂ ਦੇ ਖਾਣ ਪੀਣ ਲਈ ਫਰੂਟ ਚਾਟ, ਸੈਂਡਵਿਚ, ਜੂਸ ਆਦਿ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ | ਉਪਰੰਤ ਵਿਦਿਆਰਥੀਆਂ ਨੂੰ ਜੀ ਸਿਨੇਮਾ ਬਰਨਾਲਾ ਵਿਖੇ ਇਤਿਹਾਸ ਫ਼ਿਲਮ 'ਗੁਰੂ ਨਾਨਕ ਜਹਾਜ਼' ਵਿਖਾਉਣ ਲਈ ਲੈ ਕੇ ਜਾਇਆ ਗਿਆ | ਇਸੇ ਤਰ੍ਹਾਂ ਕੈਂਪ ਦਾ ਦੂਜਾ ਦਿਨ ਸ਼ਹੀਦਾਂ ਦੇ ਸਿਰਤਾਜ ਪੰਜਵੀਂ ਪਾਤਿਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ | ਇਸ ਦਿਨ ਸਕੂਲ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਲਈ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਕੈਂਪ ਦਾ ਤੀਸਰਾ ਤੇ ਆਖ਼ਰੀ ਦਿਨ ਵਾਤਾਵਰਨ ਦੀ ਸੰਭਾਲ ਨੂੰ ਸਮਰਪਿਤ ਕੀਤਾ ਗਿਆ | ਇਸ ਤਹਿਤ ਕੈਂਪ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਇਕ-ਇਕ ਬੂਟਾ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਮਨਕੰਵਲ ਸਿੰਘ ਨੇ ਵਿਦਿਆਰਥੀਆਂ ਨੂੰ ਆਪਣਾ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੁਨੇਹਾ ਦਿੱਤਾ | ਉਪਰੰਤ ਉਨ੍ਹਾਂ ਵਿਦਿਆਰਥੀਆਂ ਨੂੰ ਗਰਮੀ ਦੀਆਂ ਛੁੱਟੀਆਂ ਦੌਰਾਨ ਆਪਣੀ ਸਿਹਤ ਅਤੇ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇਣ ਨੂੰ ਕਿਹਾ | ਉਨ੍ਹਾਂ ਵਿਦਿਆਰਥੀਆਂ ਨੂੰ ਗਰਮੀ ਦੀਆਂ ਛੁੱਟੀਆਂ ਦੀ ਸਹੀ ਵਰਤੋਂ ਅਤੇ ਛੁੱਟੀਆਂ ਦੌਰਾਨ ਇਕ ਖ਼ਾਸ ਸਮਾਂ-ਸਾਰਣੀ ਬਣਾਉਣ ਬਾਰੇ ਕਿਹਾ | ਇਸ ਮੌਕੇ ਸਕੂਲ ਦੇ ਵਾਈਸ ਪਿ੍ੰਸੀਪਲ ਮੈਡਮ ਪਰਮਜੀਤ ਕੌਰ, ਸੰਦੀਪ ਕੌਰ, ਗਗਨਬੀਰ ਕੌਰ, ਮਨਦੀਪ ਕੌਰ, ਸੰਦੀਪ ਕੌਰ, ਸੁੱਖਪ੍ਰੀਤ ਕੌਰ, ਸਿਮਰਨਜੀਤ ਕੌਰ, ਹਰਪ੍ਰੀਤ ਕੌਰ, ਸ਼ਰਨਜੀਤ ਕੌਰ, ਸਿਵਰਜੀਤ ਕੌਰ, ਸੁਮਨਪ੍ਰੀਤ ਕੌਰ ਅਤੇ ਕੇਅਰ ਟੇਕਰ ਰਛਪਾਲ ਕੌਰ ਤੇ ਹਰਪ੍ਰੀਤ ਕੌਰ ਹਾਜ਼ਰ ਸਨ |