ਤਪਾ ਮੰਡੀ, 2 ਸਤੰਬਰ (ਪ੍ਰਵੀਨ ਗਰਗ)-ਉਂਜ ਤਾਂ ਪਿਛਲੇ ਕਈ ਦਿਨਾਂ ਤੋਂ ਬਰਸਾਤ ਦਾ ਕਹਿਰ ਜਾਰੀ ਹੈ ਪ੍ਰੰਤੂ ਅੱਜ ਸਵੇਰ ਸਮੇਂ ਇਕ ਵਾਰ ਫਿਰ ਹੋਈ ਭਾਰੀ ਬਰਸਾਤ ਕਾਰਨ ਜਿੱਥੇ ਸ਼ਹਿਰ ਦੀਆਂ ਸਾਰੀਆਂ ਸੜਕਾਂ, ਗਲੀਆਂ, ਮੁਹੱਲਿਆਂ 'ਚ ਪਾਣੀ ਭਰ ਗਿਆ, ਉੱਥੇ ਦੂਜੇ ਪਾਸੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ | ਬਰਸਾਤ ਕਾਰਨ ਜਮ੍ਹਾ ਹੋਏ ਪਾਣੀ ਨਾਲ ਖੇਤਾਂ ਨੂੰ ਜਾਂਦੀਆਂ ਲਿੰਕ ਸੜਕਾਂ 'ਤੇ ਵੱਡੇ-ਵੱਡੇ ਘਾਰੇ ਪੈ ਗਏ ਅਤੇ ਸ਼ਹਿਰ ਅੰਦਰ ਗੁਦਾਮਾਂ 'ਚ ਪਾਣੀ ਭਰਨ ਨਾਲ ਦੁਕਾਨਦਾਰਾਂ ਦਾ ਭਾਰੀ ਨੁਕਸਾਨ ਹੋ ਗਿਆ | ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਪਈ ਭਾਰੀ ਬਰਸਾਤ ਵਿਚੋਂ ਅਜੇ ਲੋਕਾਂ ਦੇ ਨੁਕਸਾਨ ਦੀ ਭਰਪਾਈ ਨਹੀਂ ਹੋਈ ਸੀ ਕਿ ਅੱਜ ਸਵੇਰ ਸਮੇਂ ਫਿਰ ਹੋਈ ਬਰਸਾਤ ਨੇ ਲੋਕਾਂ ਦੇ ਮਨਾਂ 'ਚ ਡਰ ਪੈਦਾ ਕਰ ਦਿੱਤਾ ਹੈ | ਜਦ ਇਸ ਸਬੰਧੀ ਸ਼ਹਿਰ ਵਾਸੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਗਊਸ਼ਾਲਾ ਰੋਡ 'ਤੇ ਨਾਮਦੇਵ ਮਾਰਗ ਜਿਸ ਦਾ ਨਿਰਮਾਣ ਲੋਕ ਨਿਰਮਾਣ ਵਿਭਾਗ ਵਲੋਂ ਬਿਨਾਂ ਹੀ ਕਿਸੇ ਲੈਵਲ ਤੋਂ ਕਰ ਦਿੱਤਾ ਗਿਆ ਸੀ, ਦਾ ਖ਼ਮਿਆਜ਼ਾ ਅੱਜ ਤੱਕ ਲੋਕ ਭੋਗ ਰਹੇ ਹਨ ਕਿਉਂਕਿ ਇਹ ਸੜਕ ਕਿਤੇ ਜ਼ਿਆਦਾ ਉੱਚੀ ਤੇ ਕਿਤੇ ਜ਼ਿਆਦਾ ਨੀਵੀਂ ਹੈ, ਜਿੱਥੇ ਬਰਸਾਤ ਪੈਣ 'ਤੇ ਨੀਵੇਂ ਥਾਵਾਂ 'ਚ ਪਾਣੀ ਭਰ ਜਾਂਦਾ ਹੈ | ਉੱਧਰ ਦੂਜੇ ਪਾਸੇ ਬਰਸਾਤ ਕਾਰਨ ਕਿਸਾਨ ਵੀ ਨਮੋਸ਼ੀ ਦੇ ਆਲਮ 'ਚ ਦਿਖਾਈ ਦਿੱਤੇ, ਗੱਲਬਾਤ ਕਰਨ 'ਤੇ ਕਿਸਾਨਾਂ ਨੇ ਕਿਹਾ ਕਿ ਅਗਰ ਹੋਰ ਬਰਸਾਤ ਆਏਗੀ ਤਾਂ ਉਨ੍ਹਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਵੇਗਾ ਜਦ ਕਿ ਉਹ ਮੀਂਹ ਦੇ ਪਾਣੀ ਦੀ ਮਾਰ ਨਾਲ ਪਹਿਲਾਂ ਹੀ ਜੂਝ ਰਹੇ ਹਨ |