ਬਰਨਾਲਾ, 2 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਭਾਰੀ ਮੀਂਹ ਦੌਰਾਨ ਤਰਪਾਲਾਂ ਦੀ ਕਾਲਾਬਾਜ਼ਾਰੀ ਅਤੇ ਜਮ੍ਹਾਂਖੋਰੀ ਰੋਕਣ ਲਈ ਡਿਪਟੀ ਕਮਿਸ਼ਨਰ ਬਰਨਾਲਾ-ਕਮ-ਚੇਅਰਮੈਨ ਜ਼ਿਲ੍ਹਾ ਡਿਜ਼ਾਸਟਰ ਮੈਨੇਜਮੈਂਟ ਐਸੋਸੀਏਸ਼ਨ ਸ੍ਰੀ ਟੀ ਬੈਨਿਥ ਨੇ ਦਿਸ਼ਾ ਨਿਰਦੇਸ਼ ਦਿੱਤੇ ਹਨ ਕਿ ਜ਼ਿਲ੍ਹੇ ਦੇ ਸਾਰੇ ਹੋਲਸੇਲਰ ਅਤੇ ਡੀਲਰਾਂ ਨੂੰ ਤਿਰਪਾਲਾਂ ਦੇ ਵਾਧੂ ਜਾਂ ਗੈਰ-ਨਿਆਇਕ ਭਾਅ ਵਸੂਲ ਕਰਨ ਤੋਂ ਸਖ਼ਤ ਮਨਾਹੀ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿਚ ਹੋਲਸੇਲਰ/ਰੀਟੇਲਰ ਤਰਪਾਲਾਂ ਨੂੰ ਬਹੁਤ ਹੀ ਮਹਿੰਗੇ ਰੇਟਾਂ 'ਤੇ ਵੇਚ ਰਹੇ ਹਨ ਅਤੇ ਮੌਜੂਦਾ ਭਾਰੀ ਬਾਰਿਸ਼ ਦਾ ਫ਼ਾਇਦਾ ਚੁੱਕਦੇ ਹੋਏ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ | ਭਾਰੀ ਮੀਂਹ ਦੌਰਾਨ ਬਾਰਿਸ਼ ਤੋਂ ਬਚਾਅ ਲਈ ਇਹ ਤਰਪਾਲਾਂ ਅਤਿ ਜ਼ਰੂਰੀ ਹਨ ਅਤੇ ਕਾਲਾਬਾਜ਼ਾਰੀ ਅਤੇ ਜਮ੍ਹਾਂਖੋਰੀ ਨਾਲ ਤਰਪਾਲਾਂ ਉਪਲਬਧਤਾ ਅਤੇ ਪਹੁੰਚ 'ਤੇ ਨਕਾਰਾਤਮਿਕ ਪ੍ਰਭਾਵ ਪਾ ਰਿਹਾ ਹੈ | ਉਨ੍ਹਾਂ ਸਖ਼ਤ ਹਦਾਇਤ ਕੀਤੀ ਕਿ ਕੋਈ ਵੀ ਵਿਅਕਤੀ ਤਿਰਪਾਲਾਂ ਦੀ ਜਮ੍ਹਾਂਖੋਰੀ ਜਾਂ ਕਾਲਾਬਾਜ਼ਾਰੀ ਵਿਚ ਸ਼ਾਮਿਲ ਨਹੀਂ ਹੋਵੇਗਾ | ਜ਼ਿਲ੍ਹਾ ਖ਼ੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ ਬਰਨਾਲਾ ਵਲੋਂ ਨਿਯਮਿਤ ਜਾਂਚ ਕੀਤੀ ਜਾਵੇਗੀ ਅਤੇ ਇਸ ਹੁਕਮ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ | ਤਰਪਾਲਾਂ ਦੇ ਨਿਰਮਾਤਾ, ਹੋਲਸੇਲਰ ਅਤੇ ਰੀਟੇਲਰ ਸਟਾਕ ਖ਼ਰੀਦ ਅਤੇ ਵਿਕਰੀ ਦੇ ਪੂਰੇ ਰਿਕਾਰਡ ਨੂੰ ਅਧਿਕਾਰਤ ਅਧਿਕਾਰੀਆਂ ਵੱਲੋਂ ਜਾਂਚ ਲਈ ਸੰਭਾਲ ਕੇ ਰੱਖਣਗੇ | ਇਹ ਹੁਕਮ ਲੋਕਾਂ ਦੇ ਸ਼ੋਸ਼ਣ ਨੂੰ ਰੋਕਣ ਅਤੇ ਭਾਰੀ ਬਾਰਿਸ਼ ਦੇ ਇਸ ਸਮੇਂ ਦੌਰਾਨ ਤਿਰਪਾਲਾਂ ਦੀ ਉਪਲਬਧਤਾ ਅਤੇ ਨਿਆਇਕ ਕੀਮਤਾਂ ਨੂੰ ਯਕੀਨੀ ਬਣਾਉਣ ਲਈ ਜਾਰੀ ਕੀਤਾ ਗਿਆ ਹੈ |