ਤਪਾ ਮੰਡੀ, 3 ਸਤੰਬਰ (ਵਿਜੇ ਸ਼ਰਮਾ)-ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਬਰਸਾਤ ਕਰ ਕੇ ਪੰਜਾਬ ਦੇ ਕਈ ਜ਼ਿਲਿ੍ਹਆਂ ਵਿਚ ਹੜ੍ਹਾਂ ਵਾਲੀ ਸਥਿਤੀ ਬਣੀ ਹੋਈ ਹੈ | ਜਿਸ ਕਾਰਨ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ਅਤੇ ਤੇਜ਼ ਬਰਸਾਤ ਕਾਰਨ ਘਰਾਂ ਦੀਆਂ ਛੱਤਾਂ ਡਿੱਗੀਆਂ ਅਤੇ ਘਰਾਂ ਦੀਆਂ ਕੰਧਾਂ ਵਿਚ ਤਰੇੜਾਂ ਪੈ ਗਈਆਂ ਹਨ | ਜਿਸ ਕਰ ਕੇ ਲੋਕ ਘਰਾਂ ਤੋਂ ਬੇਘਰ ਹੋਏ ਹਨ ਜਿਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਹੈ ਜਿਸ ਨੂੰ ਵੇਖਦਿਆਂ ਹੋਇਆਂ ਨਗਰ ਕੌਂਸਲ ਤਪਾ ਵਲੋਂ ਲੋਕਾਂ ਦੇ ਹੋਏ ਨੁਕਸਾਨ ਦੇ ਸਬੰਧ ਵਿਚ ਫਾਰਮ ਭਰੇ ਜਾ ਰਹੇ ਹਨ ਤਾਂ ਜੋ ਲੋਕਾਂ ਦੀ ਸਰਕਾਰ ਵਲੋਂ ਆਰਥਿਕ ਮਦਦ ਕੀਤੀ ਜਾ ਸਕੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਕਾਰਜ ਸਾਧਕ ਅਫ਼ਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹੜ੍ਹਾਂ ਕਾਰਨ ਹੋਏ ਨੁਕਸਾਨ ਸਬੰਧੀ ਮੁਆਵਜ਼ਾ ਦਿੱਤਾ ਜਾਵੇਗਾ | ਜਿਸ ਤਹਿਤ ਘਰਾਂ ਦੀਆਂ ਡਿੱਗੀਆਂ ਛੱਤਾਂ, ਘਰਾਂ ਨੂੰ ਤਰੇੜਾਂ ਆਉਣ ਕਰ ਕੇ ਹੋਏ ਨੁਕਸਾਨ ਸਬੰਧੀ ਫਾਰਮ ਭਰਿਆ ਜਾਵੇਗਾ | ਇਸ ਫਾਰਮ ਵਿਚ ਪੀੜਤ ਪਰਿਵਾਰ ਵਲੋਂ ਸਾਰੀ ਸਹੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਕਾਗ਼ਜ਼ੀ ਕਾਰਵਾਈ ਤੋਂ ਬਾਅਦ ਸਰਕਾਰ ਵਲੋਂ ਘਰਾਂ ਦੇ ਹੋਏ ਨੁਕਸਾਨ ਸਬੰਧੀ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ | ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਤਪਾ ਸ਼ਹਿਰ ਅੰਦਰ ਇਕ ਬੱਚੇ ਦੀ ਕਰੰਟ ਲੱਗਣ ਕਾਰਨ ਅਤੇ ਇਕ ਅÏਰਤ ਦੀ ਮਕਾਨ ਦੀ ਛੱਤ ਡਿੱਗਣ ਕਾਰਨ ਮੌਤ ਹੋ ਗਈ ਸੀ ਜਿਸ ਦੇ ਸਬੰਧ ਵਿਚ ਪੰਜਾਬ ਸਰਕਾਰ ਵਲੋਂ ਕੁੱਝ ਦਿਨਾਂ ਬਾਅਦ ਹੀ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਵਲੋਂ ਪੀੜਤ ਪਰਿਵਾਰ ਨੂੰ ਆਰਥਿਕ ਮਦਦ ਕਰਦਿਆਂ ਰਕਮ ਦਾ ਚੈੱਕ ਦਿੱਤਾ ਗਿਆ ਸੀ | ਜਿਸ ਕਾਰਨ ਪਰਿਵਾਰ ਦੀ ਆਰਥਿਕ ਮਦਦ ਹੋ ਸਕੀ | ਜਿਸ ਨੂੰ ਵੇਖਦਿਆਂ ਪੀੜਤ ਪਰਿਵਾਰਾਂ ਵਲੋਂ ਨਗਰ ਕੌਂਸਲ ਵਿਚ ਫਾਰਮ ਭਰ ਕੇ ਦਿੱਤੇ ਜਾ ਰਹੇ ਹਨ ਤਾਂ ਜੋ ਤੇਜ਼ ਬਰਸਾਤ ਕਾਰਨ ਹੋਏ ਨੁਕਸਾਨ ਦਾ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਮਿਲ ਸਕੇ | ਇਸ ਮੌਕੇ ਡਾ: ਬਾਲ ਚੰਦ ਬਾਂਸਲ, ਕੌਂਸਲਰ ਅਮਰਜੀਤ ਸਿੰਘ, ਦੀਪਕ ਗੱਗ, ਸਤਪਾਲ ਸਿੰਗਲਾ, ਅਮਨਦੀਪ ਸ਼ਰਮਾ, ਗੁਰਦੀਪ ਸਿੰਘ ਬਰਾੜ, ਗੁਰਦੀਪ ਸਿੰਘ ਦੀਪਾ ਆਦਿ ਹਾਜਰ ਸਨ |