ਰੂੜੇਕੇ ਕਲਾਂ, 3 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿਛਲੇ ਦਿਨਾਂ ਤੋਂ ਲੈ ਕੇ ਪੈ ਰਹੇ ਲਗਾਤਾਰ ਮੀਂਹ ਕਾਰਨ ਪਿੰਡ ਧੂਰਕੋਟ ਵਿਖੇ ਗ਼ਰੀਬ ਪਰਿਵਾਰਾਂ ਨਾਲ ਸਬੰਧਿਤ ਵਿਅਕਤੀਆਂ ਦੇ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਹਨ ਅਤੇ ਬਹੁ-ਗਿਣਤੀ ਘਰਾਂ ਦੀਆਂ ਇਮਾਰਤਾਂ ਨੂੰ ਤਰੇੜਾਂ ਆਉਣ ਕਰ ਕੇ ਘਰ ਡਿੱਗਣ ਦਾ ਖ਼ਤਰਾ ਬਣਿਆ ਹੋਇਆ ਹੈ | ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਧੂਰਕੋਟ, ਸ਼ਿੰਦਰ ਕੌਰ, ਪਰਮਜੀਤ ਕੌਰ, ਚਰਨਜੀਤ ਕੌਰ ਨੇ ਦੱਸਿਆ ਕਿ ਬਦਰਾ ਪਿੰਡੀ ਧੂਰਕੋਟ ਵਿਖੇ ਕਈ ਪਰਿਵਾਰਾਂ ਦੇ ਘਰਾਂ ਦਾ ਨੁਕਸਾਨ ਹੋਇਆ ਹੈ | ਪਿੰਡ ਵਾਸੀਆਂ ਦੇ ਗ਼ਰੀਬ ਪਰਿਵਾਰਾਂ ਦੇ ਕਈ ਘਰਾਂ ਦੀਆਂ ਛੱਤਾਂ ਤੇ ਕੰਧਾਂ ਡਿਗ ਗਈਆਂ ਹਨ | ਕਈ ਘਰਾਂ ਦੀਆਂ ਇਮਾਰਤਾਂ ਨੂੰ ਤਰੇੜਾਂ ਆ ਗਈਆਂ ਹਨ | ਇਕੱਤਰ ਹੋਏ ਪਿੰਡ ਵਾਸੀਆਂ ਨੇ ਡੀ. ਸੀ. ਬਰਨਾਲਾ ਤੋਂ ਮੰਗ ਕੀਤੀ ਹੈ ਕਿ ਪਿੰਡ ਧੂਰਕੋਟ ਵਿਖੇ ਜਿਹੜੇ ਘਰਾਂ ਦੀਆਂ ਛੱਤਾਂ ਡਿੱਗੀਆਂ ਹਨ ਅਤੇ ਜਿਹੜੇ ਗ਼ਰੀਬ ਵਿਅਕਤੀਆਂ ਦੇ ਘਰਾਂ ਨੂੰ ਤਰੇੜਾਂ ਆਈਆਂ ਹਨ | ਸਾਰੇ ਪੀੜਤ ਪਰਿਵਾਰਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ |