ਤਪਾ ਮੰਡੀ, 3 ਸਤੰਬਰ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਪਿਛਲੇ ਕਈ ਦਿਨਾਂ ਤੋਂ ਬਾਜ਼ੀਗਰ ਬਸਤੀ ਦੇ ਨਿਕਾਸੀ ਪਾਣੀ ਦਾ ਵਿਵਾਦ ਇਕ ਵਾਰ ਫਿਰ ਤੂਲ ਫੜਦਾ ਨਜ਼ਰ ਆ ਰਿਹਾ ਹੈ ਜਿਸ ਨੂੰ ਲੈ ਕੇ ਬਾਜ਼ੀਗਰ ਬਸਤੀ ਦੀਆਂ ਮਹਿਲਾਵਾਂ ਤੇ ਮਰਦਾਂ ਨੇ ਮਾਤਾ ਦਾਤੀ ਰੋਡ 'ਤੇ ਨਾਮਦੇਵ ਰੋਡ ਨੂੰ ਬੰਦ ਕਰ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਮਹਿਲਾਵਾਂ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਇਕ ਪਰਿਵਾਰ ਵਲੋਂ ਬਾਜ਼ੀਗਰ ਬਸਤੀ ਦੇ ਨਿਕਾਸੀ ਪਾਣੀ ਨੂੰ ਬੰਦ ਕਰ ਕੇ ਉਸ ਉਪਰ ਉਸਾਰੀ ਕਰ ਦਿੱਤੀ ਗਈ ਹੈ ਜਿਸ ਕਰ ਕੇ ਬਸਤੀ ਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ, ਦੂਜਾ ਲਗਾਤਾਰ ਬਰਸਾਤਾਂ ਦੇ ਪੈਣ ਕਾਰਨ ਲੋਕਾਂ ਦੇ ਘਰਾਂ ਦੀਆਂ ਛੱਤਾਂ ਅਤੇ ਮਕਾਨਾਂ ਵਿਚ ਤਰੇੜਾਂ ਪੈ ਰਹੀਆਂ ਹਨ ਪਰ ਨਗਰ ਕੌਂਸਲ ਵਲੋਂ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ | ਉਨ੍ਹਾਂ ਕਿਹਾ ਕਿ ਜਦੋਂ ਤੱਕ ਬਸਤੀ ਦੇ ਨਿਕਾਸੀ ਪਾਣੀ ਦਾ ਮਸਲਾ ਹੱਲ ਨਹੀਂ ਹੁੰਦਾ ਸੰਘਰਸ਼ ਜਾਰੀ ਰਹੇਗਾ | ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦਫ਼ਤਰ ਵਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਚੁੱਕੀ ਹੈ | ਉਨ੍ਹਾਂ ਕਿਹਾ ਕਿ ਇਹ ਸਾਰੀ ਜਗ੍ਹਾ 'ਤੇ ਬਣੀਆਂ ਹੋਈਆਂ ਦੁਕਾਨਾਂ ਡੇਰੇ ਦੀਆਂ ਹਨ | ਇਸ ਲਈ ਪਾਣੀ ਦੀ ਨਿਕਾਸੀ ਦੀ ਕੋਈ ਵੀ ਸਮੱਸਿਆ ਨਹੀਂ ਹੈ ਕਿਉਂਕਿ ਸ਼ਹਿਰ ਦੇ ਚਾਰ ਚੁਫੇਰੇ ਸੀਵਰੇਜ ਪਿਆ ਹੋਇਆ ਹੈ ਅਤੇ ਲਗਾਤਾਰ ਬਰਸਾਤਾਂ ਪੈ ਰਹੀਆਂ ਹਨ ਪਰ ਕਿਸੇ ਪਾਸੇ ਵੀ ਪਾਣੀ ਦੇ ਨਿਕਾਸੀ ਦੀ ਸਮੱਸਿਆ ਨਹੀਂ ਆ ਰਹੀ | ਪੁਲਿਸ ਸਿਟੀ ਚੌਂਕੀ ਦੇ ਇੰਚਾਰਜ ਬਲਜੀਤ ਸਿੰਘ ਢਿੱਲੋਂ, ਏ.ਐਸ.ਆਈ. ਸਤਿਗੁਰ ਸਿੰਘ ਤੋਂ ਇਲਾਵਾ ਬਸਤੀ ਦੀਆਂ ਮਹਿਲਾਵਾਂ ਅਤੇ ਮਰਦ ਹਾਜਰ ਸਨ |
ਬਾਜੀਜ਼ਰ ਬਸਤੀ ਦੇ ਲੋਕਾਂ ਵਲੋਂ ਪਾਣੀ ਦੀ ਨਿਕਾਸੀ ਨੂੰ ਲੈ ਕੇ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ
ਅਜੀਤ ਡੈਸਕ
04-09-2025