ਮਹਿਲ ਕਲਾਂ, 3 ਸਤੰਬਰ (ਅਵਤਾਰ ਸਿੰਘ ਅਣਖੀ)-ਪਿੰਡ ਠੁੱਲੀਵਾਲ ਵਿਖੇ ਤੇਜ਼ ਬਾਰਸ਼ ਕਾਰਨ ਕਈ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਡਿਗ ਗਈਆਂ, ਜਦੋਂ ਕਿ ਕਈ ਹੋਰਾਂ ਦੇ ਘਰਾਂ ਦੀਆਂ ਕੰਧਾਂ 'ਚ ਤਰੇੜਾਂ ਪੈਣ ਨਾਲ ਭਾਰੀ ਆਰਥਿਕ ਨੁਕਸਾਨ ਹੋਇਆ ਹੈ | ਸਰਪੰਚ ਪਰਮਜੀਤ ਕੌਰ ਸਿੱਧੂ ਨੇ ਦੱਸਿਆ ਕਿ ਬਹਾਦਰ ਸਿੰਘ ਪੁੱਤਰ ਗੁਰਨਾਮ ਸਿੰਘ, ਸਤਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ, ਪਾਲ ਕੌਰ ਪਤਨੀ ਨਛੱਤਰ ਸਿੰਘ, ਹਰਜਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਅਤੇ ਜਰਨੈਲ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀਆਨ ਠੁੱਲੀਵਾਲ ਦੇ ਘਰਾਂ ਦੀਆਂ ਛੱਤਾਂ ਡਿਗ ਗਈਆਂ ਹਨ | ਘਰਾਂ ਅੰਦਰ ਪਾਣੀ ਆਉਣ ਨਾਲ ਲੋੜੀਂਦਾ ਘਰੇਲੂ ਸਮਾਨ ਖ਼ਰਾਬ ਹੋ ਗਿਆ ਹੈ | ਇਸ ਤੋਂ ਇਲਾਵਾ 10 ਘਰਾਂ ਦੀਆਂ ਕੰਧਾਂ 'ਚ ਤਰੇੜਾਂ ਪੈਣ ਨਾਲ ਘਰ ਡਿੱਗਣ ਕਿਨਾਰੇ ਪਹੁੰਚ ਗਏ | ਜਿਸ ਕਰ ਕੇ ਪੀੜਤ ਪਰਿਵਾਰ ਘਰ ਛੱਡ ਕੇ ਜਾਣ ਲਈ ਬੇਵੱਸ ਹਨ | ਇਸ ਮੌਕੇ ਹਰਤੇਜ ਸਿੰਘ ਸਿੱਧੂ, ਮੇਵਾ ਸਿੰਘ ਭੱਟੀ, ਹਮੀਰ ਸਿੰਘ ਮਾਂਗਟ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ |