ਬਰਨਾਲਾ, 4 ਸਤੰਬਰ (ਨਰਿੰਦਰ ਅਰੋੜਾ)-ਜਿੱਥੇ ਲਗਾਤਾਰ ਪੈ ਰਹੀ ਬਾਰਿਸ਼ ਨਾਲ ਸਾਰੇ ਪਾਸੇ ਪਾਣੀ ਭਰਿਆ ਹੋਇਆ ਹੈ ਉੱਥੇ ਹੀ ਗਿੱਲ ਨਗਰ ਗਲੀ ਨੰਬਰ 7 ਵਿਖੇ ਸੀਵਰੇਜ ਦੇ ਓਵਰਫ਼ਲੋ ਪਾਣੀ ਤੋਂ ਪ੍ਰੇਸ਼ਾਨ ਪੰਡਿਤ ਬਾਲ ਕਿ੍ਸ਼ਨ ਗੌੜ, ਮੱਖਣ ਨੰਦਾ, ਮਨੀ, ਸੋਨੰੂ, ਮੰਜੂ ਰਾਣੀ, ਹਰਸ਼ ਕੁਮਾਰ, ਗੁਰਸੇਵਕ, ਗੁਰਪ੍ਰੀਤ ਆਦਿ ਨੇ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਇੱਥੇ ਮੀਂਹ ਤੋਂ ਬਿਨਾਂ ਹੀ ਸੀਵਰੇਜ ਓਵਰਫ਼ਲੋ ਹੋ ਜਾਂਦਾ ਹੈ ਅਤੇ ਇਸ ਸੀਵਰੇਜ ਦਾ ਪਾਣੀ ਟੂਟੀਆਂ ਵਿਚ ਮਿਕਸ ਹੋ ਕੇ ਆਉਂਦਾ ਹੈ | ਲੋਕ ਗੰਦਾ ਪਾਣੀ ਪੀਣ ਨੂੰ ਵੀ ਮਜਬੂਰ ਹਨ | ਇਸ ਏਰੀਏ ਦੇ ਵਿਚ ਹਰ ਸਮੇਂ ਬਿਮਾਰੀ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਜਾ ਰਿਹਾ | ਅਸੀਂ ਕਈ ਵਾਰ ਕੌਂਸਲਰ ਅਤੇ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਚੁੱਕੇ ਹਾਂ ਪਰ ਲੱਗਦਾ ਹੈ ਕਿ ਉਹ ਕਿਸੇ ਭਿਆਨਕ ਬਿਮਾਰੀ ਦੇ ਫੈਲਣ ਦੀ ਉਡੀਕ ਵਿਚ ਹਨ | ਉਨ੍ਹਾਂ ਕਿਹਾ ਕਿ ਜੇ ਸਾਡੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਅਸੀਂ ਤੇ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ | ਇਸ ਮੌਕੇ ਸਾਹਿਲ, ਕੁਲਵੰਤ, ਵਿਨੋਦ ਗੁਪਤਾ, ਨਿਹਾਲ ਸਿੰਘ, ਰਾਜ ਕੁਮਾਰ ਆਦਿ ਹਾਜ਼ਰ ਸਨ |