ਧਨੌਲਾ, 4 ਸਤੰਬਰ (ਜਤਿੰਦਰ ਸਿੰਘ ਧਨੌਲਾ)-ਤਿੰਨ ਦਹਾਕਿਆਂ ਤੋਂ ਨਿਕਾਸੀ ਪਾਣੀ ਦਾ ਸੰਤਾਪ ਹੰਢਾ ਰਹੀ ਮੰਡੀ ਧਨੌਲਾ ਤਿੰਨ ਘੰਟੇ ਦੀ ਬਰਸਾਤ ਨੇ ਫਿਰ ਜਲ-ਥਲ ਕਰ ਕੇ ਰੱਖ ਦਿੱਤੀ | ਬਰਸਾਤੀ ਮੌਸਮ ਕਾਰਨ ਭਾਵੇਂ ਸਮੁੱਚਾ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ | ਪ੍ਰੰਤੂ ਮੰਡੀ ਧਨੌਲਾ ਹਲਕੀ ਬਰਸਾਤ ਨਾਲ ਵੀ ਅਕਸਰ ਹੜ੍ਹਾਂ ਦੇ ਰੂਪ ਵਿਚ ਹੀ ਤਬਦੀਲ ਹੁੰਦਾ ਰਿਹਾ ਹੈ | ਸਭ ਤੋਂ ਵੱਡੀ ਤਰਾਸ਼ਦੀ ਇਹ ਹੈ ਕਿ ਆਰਜ਼ੀ ਟਰੈਕਟਰ ਅਤੇ ਪੱਖਾ ਲਗਾ ਕੇ ਅਕਸਰ ਪਾਣੀ ਨਿਕਾਸ ਕੀਤਾ ਜਾਂਦਾ ਹੈ | ਨਗਰ ਕੌਂਸਲ ਦੇ ਪ੍ਰਮੁੱਖ ਨੁਮਾਇੰਦੇ ਅਤੇ ਕਾਰਜ ਸਾਧਕ ਅਫ਼ਸਰ ਅਕਸਰ ਇਹ ਦਮਗੱਜੇ ਮਾਰਦੇ ਦਿਖਾਈ ਦਿੰਦੇ ਹਨ ਕਿ ਜਿਹੜਾ ਵਰਿ੍ਹਆਂ ਤੋਂ ਪਾਣੀ ਕਈ-ਕਈ ਦਿਨ ਖੜ੍ਹਾ ਰਹਿੰਦਾ ਸੀ | ਹੁਣ ਅਸੀਂ ਇਕ ਹੀ ਦਿਨ ਤੇ ਰਾਤ ਵਿਚ ਨਿਕਾਸ ਕਰ ਦਿੰਦੇ ਹਾਂ | ਇਸ ਗੱਲ ਨੂੰ ਬੜੀ ਫ਼ਖਰ ਨਾਲ ਪੇਸ਼ ਕੀਤਾ ਜਾਂਦਾ ਹੈ | ਮੰਡੀ ਦਾ ਪੱਧਰ ਤਿੰਨ ਦਹਾਕੇ ਪਹਿਲਾਂ 15 ਫੁੱਟ ਨੀਵਾਂ ਸੀ | ਉਦੋਂ ਤੋਂ ਹੁਣ ਤੱਕ ਇਕ ਵਾਰ ਗਲੀਆਂ ਤੇ ਇਕ ਵਾਰ ਨਾਲੀਆਂ ਉੱਚੀਆਂ ਚੁੱਕ ਕੇ ਕਈ ਪ੍ਰਧਾਨ ਆਪੋ ਆਪਣੀ ਸਮਝ ਅਨੁਸਾਰ ਰੋਟੀਆਂ ਸੇਕ ਕੇ ਚਲਦੇ ਬਣੇ | ਹੁਣ ਵਾਲਿਆਂ ਨੇ ਵੀ ਧਨੌਲਾ ਨੂੰ ਕੈਲੇਫੋਰਨੀਆ ਬਣਾਉਣ ਲਈ ਵੱਡੀ ਪੱਧਰ 'ਤੇ ਵਾਅਦੇ ਕੀਤੇ | ਪ੍ਰੰਤੂ ਏਨਾ ਕੁੱਝ ਹੋਣ ਦੇ ਬਾਵਜੂਦ ਵੀ ਕੀਤੇ ਵਾਅਦੇ ਵਫ਼ਾ ਹੁੰਦੇ ਰਾਸ ਨਹੀਂ ਆ ਰਹੇ | ਭਾਵੇਂ 22 ਕਰੋੜ ਰੁਪਏ ਦੀ ਆਈ ਗਰਾਂਟ ਵਿਚੋਂ ਬਹੁਤੀ ਰਾਸ਼ੀ ਖ਼ਰਚ ਹੋਣ ਤੋਂ ਬਾਕੀ ਪਈ ਹੈ | ਪੰ੍ਰਤੂ ਨਿਕਾਸੀ ਪ੍ਰਬੰਧਾਂ, ਖ਼ਾਸ ਕਰ ਕੇ ਬਰਸਾਤੀ ਖੂਹ ਅਤੇ ਸੀਵਰੇਜ ਖੂਹ ਤੇ ਢੁਕਵੇਂ ਕਮਰੇ ਅਤੇ ਆਧੁਨਿਕ ਬਰਮੇ ਨਾ ਲਾਉਣ ਕਰ ਕੇ ਮੰਡੀ ਨੂੰ ਜਾਣ ਬੁਝ ਕੇ ਨਰਕ ਦੇ ਰੂਪ ਵਿਚ ਤਬਦੀਲ ਕਰ ਕੇ ਰੱਖਿਆ ਜਾਣਾ ਅਕਸਰ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ | ਭਾਵੇਂ ਬਰਸਾਤ ਤੋਂ ਬਾਅਦ ਹਰ ਵਾਰ ਵੱਖਰਾ ਟਰੈਕਟਰ ਪੱਖਾ ਲਗਾ ਕੇ ਕਰਮਚਾਰੀ ਲਟਾ ਪੀਂਗ ਹੁੰਦੇ ਰਹਿੰਦੇ ਹਨ, ਪ੍ਰੰਤੂ ਆਿਖ਼ਰਕਾਰ ਇਸ ਸੰਜੀਦਾ ਮਸਲੇ ਨੂੰ ਜੁਗਾੜਾਂ ਤੱਕ ਸੀਮਤ ਕਿਉਂ ਰੱਖਿਆ ਜਾ ਰਿਹਾ ਹੈ | ਬਰਸਾਤੀ ਖੂਹ ਨਕਾਰਾ ਕੀਤਾ ਪਿਆ ਹੈ | ਮਾਹਿਰਾਂ ਦਾ ਮੰਨਣਾ ਹੈ ਕਿ ਜੇ ਜ਼ਿਲ੍ਹੇ ਤੋਂ ਬਾਹਰੋਂ ਕਾਬਲ ਅਧਿਕਾਰੀ ਤਾਇਨਾਤ ਕਰ ਕੇ 5 ਕਰੋੜ ਰੁਪਏ ਦੀ ਰਾਸ਼ੀ ਬਰਸਾਤੀ ਖੂਹ ਅਤੇ ਨਿਕਾਸੀ ਖੂਹ ਤੇ ਇਮਾਨਦਾਰੀ ਨਾਲ ਖ਼ਰਚ ਦਿੱਤਾ ਜਾਵੇ ਤਾਂ ਮੰਡੀ ਦਾ ਉਮਰਾਂ ਦਾ ਰੋਣਾ ਮੁਕਾਇਆ ਜਾ ਸਕਦਾ ਹੈ | ਅਗਰਵਾਲ ਸਭਾ ਧਨੌਲਾ ਦੇ ਪ੍ਰਧਾਨ ਅਰੁਣ ਕੁਮਾਰ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਜੀਵਨ ਬਾਂਸਲ, ਦੀਪਕ ਢਾਬੇ ਦੇ ਸਰਪ੍ਰਸਤ ਸੋਨਾ ਦੁੱਗਲ, ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਰਮਨ ਵਰਮਾ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਬੋਨੀ ਬਾਂਸਲ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਰਾਜ ਸਿੰਘ ਪੰਧੇਰ, ਵਿਸ਼ਵ ਪ੍ਰਸਿੱਧ ਚਿੱਤਰਕਾਰ ਭੁਪਿੰਦਰ ਸਿੰਘ ਧਾਲੀਵਾਲ, ਮੰਡੀ ਦੇ ਸਿਰਕੱਢ ਆਗੂ ਸਰਬਣ ਸਿੰਘ ਵੱਡਾ ਲਾਣਾ, ਸੀਨੀਅਰ ਆਗੂ ਜਤਿੰਦਰ ਸਿੰਘ ਸੋਨੀ ਜੋਗਾ, ਭਾਈ ਘਨੱਈਆ ਸੇਵਾ ਸੋਸਾਇਟੀ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਨੇ ਮੁੱਖ ਮੰਤਰੀ ਪੰਜਾਬ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਪਾਸੋਂ ਮੰਗ ਕਰਦਿਆਂ ਆਖਿਆ ਕਿ ਮੰਡੀ ਦੇ ਬਰਸਾਤੀ ਅਤੇ ਨਿਕਾਸੀ ਪਾਣੀ ਤੇ ਢੁਕਵੀਂ ਰਾਸ਼ੀ ਖ਼ਰਚ ਕਰ ਕੇ ਮੰਡੀ ਵਾਸੀਆਂ ਨੂੰ ਨਿਕਾਸੀ ਪਾਣੀ ਦੇ ਸੰਤਾਪ ਤੋਂ ਬਾਹਰ ਕੱਢਿਆ ਜਾਵੇ | ਉਕਤ ਜਥੇਬੰਦੀਆਂ ਨੇ ਇਕ ਸੁਰ ਹੁੰਦਿਆਂ ਆਖਿਆ ਕਿ ਮੰਡੀ ਦੇ ਪ੍ਰਬੰਧਾਂ ਲਈ ਲੋੜੀਂਦੀ ਰਾਸ਼ੀ ਬਾਕੀ ਪਈ ਹੈ | ਪ੍ਰੰਤੂ ਪ੍ਰਬੰਧ ਸਨਕੀਪੁਣੇ ਦੀ ਗ਼ੁਲਾਮੀ ਦੀ ਕਤਾਰ 'ਚੋਂ ਬਾਹਰ ਕੱਢ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ |