ਬਰਨਾਲਾ, 21 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਡਾ: ਅਮਨਦੀਪ ਸਿੰਘ ਟੱਲੇਵਾਲੀਆ ਜਿੱਥੇ ਇਕ ਬਹੁਤ ਵਧੀਆ ਸਾਹਿਤਕਾਰ ਹੈ ਉੱਥੇ ਉਹ ਆਪਣੀ ਸੁਰੀਲੀ ਆਵਾਜ਼ ਰਾਹੀਂ ਆਪਣੇ ਲਿਖੇ ਗੀਤਾਂ ਨੂੰ ਗਾ ਕੇ ਸਿਰਫ਼ ਮਨੋਰੰਜਨ ਹੀ ਨਹੀਂ ਕਰਦਾ ਸਗੋਂ ਉਸ ਦੇ ਗੀਤ ਸੇਧਮਈ ਅਤੇ ਸਮਾਜਿਕ ਹੁੰਦੇ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪ੍ਰਸਿੱਧ ਗੀਤਕਾਰ ਹਾਕਮ ਸਿੰਘ ਰੂੜੇਕੇ ਨੇ ਡਾ: ਅਮਨਦੀਪ ਸਿੰਘ ਟੱਲੇਵਾਲੀਆ ਦੁਆਰਾ ਲਿਖੇ ਅਤੇ ਗਾਏ ਗੀਤ 'ਜਾਗੋ ਵਿਚੋਂ ਸੈੱਲ ਮੁੱਕ ਗਏ' ਦੇ ਪੋਸਟਰ ਦੇ ਲੋਕ ਅਰਪਣ ਸਮੇਂ ਕੀਤਾ | ਉਨ੍ਹਾਂ ਕਿਹਾ ਕਿ 'ਗੀਤ ਜਾਗੋ ਵਿਚੋਂ ਸੈਲ ਮੁੱਕ ਗਏ' ਪੰਜਾਬੀ ਸੱਭਿਆਚਾਰ ਦੇ ਬਦਲਾਅ ਨੂੰ ਪੇਸ਼ ਕਰਦਾ ਬਹੁਤ ਹੀ ਵਧੀਆ ਗੀਤ ਹੈ ਜਿਸ ਵਿਚ ਜਾਗੋ ਦੇ ਪੂਰੇ ਦਿ੍ਸ਼ ਨੂੰ ਫ਼ਿਲਮਾਇਆ ਗਿਆ ਹੈ | ਡਾ: ਟੱਲੇਵਾਲੀਆ ਨੇ ਕਿਹਾ ਇਕ ਸਮਾਂ ਸੀ ਜਦੋਂ ਜਾਗੋ ਨੂੰ ਘਰ ਵਿਚ ਤਿਆਰ ਕੀਤਾ ਜਾਂਦਾ ਸੀ ਤੇ ਉਸ ਵਿਚ ਤੇਲ ਪਾਇਆ ਜਾਂਦਾ ਸੀ ਪਰ ਹੁਣ ਬਜ਼ਾਰੂ ਜਾਗੋ ਜੋ ਸੈਲਾਂ 'ਤੇ ਚੱਲਦੀ ਹੈ ਨੂੰ ਲਿਆ ਕੇ ਇਕ ਰਿਵਾਇਤ ਨੂੰ ਪੂਰਾ ਕਰ ਲਿਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਪੁਰਾਣੀ ਰਿਵਾਇਤ ਨੂੰ ਨਵੇਂ ਸੰਦਰਭ ਵਿਚ ਪੇਸ਼ ਕਰਦਾ ਇਹ ਗੀਤ ਟਰਸਟਡ ਟਿਊਨ ਵਲੋਂ ਯੂ ਟਿਊਬ 'ਤੇ 22 ਅਕਤੂਬਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ | ਇਸ ਗੀਤ ਵਿਚ ਗਾਈਆਂ ਗਈਆਂ ਰਿਵਾਇਤੀ ਬੋਲੀਆਂ ਨੂੰ ਯੂਨੀਵਰਸਿਟੀ ਕਾਲਜ ਬਰਨਾਲਾ ਦੀਆਂ ਵਿਦਿਆਰਥਣਾਂ ਨੇ ਆਵਾਜ਼ ਦਿੱਤੀ ਹੈ ਅਤੇ ਗਿੱਧਾ ਕੋਚ ਡਾ: ਰਿਪੂਜੀਤ ਕੌਰ ਦੀ ਦੇਖਰੇਖ ਹੇਠ ਇਸ ਗੀਤ ਨੂੰ ਤਿਆਰ ਕੀਤਾ ਗਿਆ ਹੈ | ਪ੍ਰਸਿੱਧ ਸੰਗੀਤਕਾਰ ਕੇ.ਵੀ. ਸਿੰਘ ਅਤੇ ਹਾਰਵੀ ਸਿੰਘ ਦੀਆਂ ਸੰਗੀਤਕ ਧੁਨਾਂ ਵਿਚ ਸੰਗੀਤਬਧ ਇਸ ਗੀਤ ਨੂੰ ਪ੍ਰਸਿੱਧ ਵੀਡੀਓ ਡਾਇਰੈਕਟਰ ਅਲੀ ਖ਼ਾਨ ਨੇ ਨਿਰਦੇਸ਼ਤ ਕੀਤਾ ਹੈ | ਇਸ ਮੌਕੇ ਮਾਲਵਾ ਸਾਹਿਤ ਸਭਾ ਦੇ ਪ੍ਰਧਾਨ ਡਾ: ਸੰਪੂਰਨ ਸਿੰਘ ਟੱਲੇਵਾਲੀਆ, ਦਰਸ਼ਨ ਸਿੰਘ ਗੁਰੂ, ਮਿਊਜ਼ਿਕ ਡਾਇਰੈਕਟਰ ਕੇ.ਵੀ. ਸਿੰਘ, ਹਾਰਵੀ ਸਿੰਘ, ਖੁਸ਼ਪ੍ਰੀਤ ਸਿੰਘ ਜੌਹਰ ਅਤੇ ਭੰਗੜਾ ਕਲਾਕਾਰ ਫਤਿਹਦੀਪ ਸਿੰਘ ਟੱਲੇਵਾਲੀਆ ਵੀ ਹਾਜ਼ਰ ਸਨ |