ਸੰਗਰੂਰ, 31 ਅਕਤੂਬਰ (ਧੀਰਜ ਪਸੋਰੀਆ) - ਵਧੀਕ ਸੈਸ਼ਨ ਜੱਜ ਸੰਗਰੂਰ ਸ੍ਰੀ ਰਣਧੀਰ ਵਰਮਾ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਤਾਰਨ ਸਿੰਘ ਵਲੋਂ ਕੀਤੀ ਪੈਰਵੀ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ ਉੱਤੇ ਲੁੱਟ ਖੋਹ ਦੇ ਇੱਕ ਮਾਮਲੇ ਵਿਚੋਂ ਦੋ ਵਿਅਕਤੀਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਪੁਲਿਸ ਥਾਣਾ ਸਿਟੀ ਧੂਰੀ ਵਿਖੇ 20 ਸਤੰਬਰ 2023 ਨੂੰ ਦਰਜ ਮਾਮਲੇ ਮੁਤਾਬਕ ਕਰਮਜੀਤ ਕੌਰ ਵਾਸੀ ਧੂਰੀ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਹ ਆਪਣੀ ਗਵਾਂਢਣ ਨਾਲ ਦੋਨੋਂ ਜਾਣੀਆਂ ਬਾਜ਼ਾਰੋਂ ਘਰੇਲੂ ਸਮਾਨ ਲੈ ਕੇ ਵਾਪਸ ਘਰ ਆ ਰਹੀਆਂ ਸਨ ਤਾਂ ਰਾਹ ਵਿਚ ਪਿੱਛੋਂ ਇੱਕ ਮੋਟਰਸਾਈਕਲ ਆਇਆ ਜਿਸ ਉੱਤੇ ਦੋ ਸਵਾਰ ਨੌਜਵਾਨਾਂ ਨੇ ਰੁਮਾਲ ਨਾਲ ਮੂੰਹ ਬੰਨੇ ਹੋਏ ਸਨ | ਮੋਟਰਸਾਈਕਲ ਦੀ ਪਿਛਲੀ ਸੀਟ 'ਤੇ ਬੈਠੇ ਨੌਜਵਾਨ ਨੇ ਝਪਟ ਮਾਰ ਕੇ ਉਸ ਦਾ ਲਿਫ਼ਾਫ਼ਾ ਅਤੇ ਗੁਆਂਢਣ ਹੱਥ ਫੜਿਆ ਲਿਫ਼ਾਫ਼ਾ ਖੋਹ ਲਿਆ, ਜਿਸ ਵਿਚ ਉਸ ਦਾ ਪਰਸ ਜਿਸ ਵਿਚ 18000 ਰੁਪਏ ਨਗਦ ਸਨ ਅਤੇ ਗੁਆਂਢਣ ਦੇ ਲਿਫ਼ਾਫ਼ੇ ਵਿਚ ਉਸ ਦਾ ਮੋਬਾਈਲ ਫ਼ੋਨ ਸੀ | ਪੁਲਿਸ ਨੇ ਸ਼ਿਕਾਇਤ ਦੇ ਆਧਾਰ ਉੱਤੇ ਅਮਰਿੰਦਰ ਪਾਲ ਵਾਸੀ ਪੱਲਾਸੌਰ ਅਤੇ ਲਖਵਿੰਦਰ ਸਿੰਘ ਵਾਸੀ ਸੁਲਤਾਨਪੁਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ | ਹੁਣ ਅਦਾਲਤ ਵਿਚ ਸੁਣਵਾਈ ਮੁਕੰਮਲ ਹੋਣ ਉੱਤੇ ਅਮਰਿੰਦਰ ਪਾਲ ਅਤੇ ਲਖਵਿੰਦਰ ਸਿੰਘ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ |