ਮਹਿਲ ਕਲਾਂ, 31 ਅਕਤੂਬਰ (ਅਵਤਾਰ ਸਿੰਘ ਅਣਖੀ)-ਆਪਣੀ ਜ਼ਿੰਦਗੀ ਦੇ ਆਖ਼ਰੀ ਸਮੇਂ ਤੱਕ ਲੋਕ ਪੱਖੀ ਲਹਿਰਾਂ ਨੂੰ ਸਮਰਪਿਤ ਰਹੇ ਉੱਘੇ ਮਜ਼ਦੂਰ ਆਗੂ ਸਾਥੀ ਸੁਰਜੀਤ ਗੁਰਮ ਸਦੀਵੀ ਵਿਛੋੜਾ ਦੇ ਗਏ , ਦੀ ਅੰਤਿਮ ਯਾਤਰਾ ਸਮੇਂ ਸੀਟੂ ਦੇ ਸੂਬਾਈ ਆਗੂ ਸ਼ੇਰ ਸਿੰਘ ਫਰਵਾਹੀ, ਮਨਰੇਗਾ ਮਜ਼ਦੂਰ ਯੂਨੀਅਨ ਸੀਟੂ ਦੇ ਸੁਦਾਗਰ ਸਿੰਘ ਉਪਲੀ, ਮੀਤ ਪ੍ਰਧਾਨ ਹਰਬੰਸ ਸਿੰਘ ਕੱਟੂ, ਮੱਘਰ ਸਿੰਘ, ਚੇਤ ਰਾਮ, ਗੁਰਮੁਖ ਸਿੰਘ ਬਿਜਲੀ ਮੁਲਾਜ਼ਮ, ਬਲਵਿੰਦਰ ਸਿੰਘ ਗੁੱਡੂ, ਸੂਰਤ ਸਿੰਘ ਗੁਰਮ ਅਤੇ ਸਾਥੀ ਭੋਲਾ ਸਿੰਘ ਕਲਾਲ ਮਾਜਰਾ, ਆਂਗਣਵਾੜੀ ਯੂਨੀਅਨ ਦੇ ਜਸਮੇਲ ਕੌਰ ਦੀ ਅਗਵਾਈ ਹੇਠ ਲਾਲ ਝੰਡਾ ਪਾ ਕੇ ਵਿੱਛੜੇ ਆਗੂ ਗੁਰਮ ਨੂੰ ਲਾਲ ਸਲਾਮ ਦੇ ਇਨਕਲਾਬੀ ਨਾਅਰਿਆਂ ਦੀ ਗੂੰਜ ਵਿਚ ਅੰਤਿਮ ਵਿਦਾਇਗੀ ਦਿੱਤੀ ਗਈ | ਆਗੂਆਂ ਨੇ ਕਿਹਾ ਕਿ ਸਾਥੀ ਸੁਰਜੀਤ ਗੁਰਮ ਜੋ 1975 ਤੋਂ ਲਗਾਤਾਰ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਮਜ਼ਦੂਰ ਕਿਸਾਨ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਸਮੇਂ-ਸਮੇਂ ਚੱਲੇ ਸੰਘਰਸ਼ਾਂ ਵਿਚ ਵੱਧ ਚੜ੍ਹ ਕੇ ਲੋਕ ਲਾਮਬੰਦੀ ਤਹਿਤ ਸਰਗਰਮੀ ਨਾਲ ਹਿੱਸਾ ਲੈਂਦਾ ਰਿਹਾ, ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਦਿਨ ਮਨਾਉਂਦਾ, ਮਈ ਦਿਹਾੜੇ ਸਮੇਂ ਮਜ਼ਦੂਰਾਂ ਨੂੰ ਨਾਲ ਲੈ ਕੇ ਪਿੰਡ ਦੇ ਦਾਣਾ ਮੰਡੀ 'ਚ ਸੀਟੂ ਦਾ ਲਾਲ ਝੰਡਾ ਵੀ ਝੁਲਾਉਂਦਾ ਸੀ | ਜਿਸ ਕਰ ਕੇ ਉਹ ਮਜ਼ਦੂਰਾਂ, ਕਿਸਾਨਾਂ ਦੀ ਲਹਿਰ ਦਾ ਹਰਮਨ ਪਿਆਰਾ ਆਗੂ ਜਾਣਿਆ ਜਾਂਦਾ ਸੀ | ਇਸ ਮੌਕੇ ਉੱਘੇ ਕਬੱਡੀ ਖਿਡਾਰੀ ਭਰਥਾ ਗੁਰਮ, ਭਾਊ ਗੁਰਮ ਅਤੇ ਗ੍ਰਾਮ ਪੰਚਾਇਤ, ਮੁਹਤਬਰ, ਵੱਖ-ਵੱਖ ਆਗੂ ਵੀ ਮੌਜੂਦ ਸਨ |