ਬਰਨਾਲਾ, 31 ਅਕਤੂਬਰ (ਨਰਿੰਦਰ ਅਰੋੜਾ)-ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਸਮਾਗਮ ਮੌਕੇ ਆਸਾਮ ਦੀ ਧਰਤੀ ਤੋਂ ਚੱਲੇ ਹੋਏ ਨਗਰ ਕੀਰਤਨ ਜੋ ਕਿ ਵੱਖ-ਵੱਖ ਸੂਬਿਆਂ ਜ਼ਿਲਿ੍ਹਆਂ ਵਿਚੋਂ ਹੁੰਦਾ ਹੋਇਆ ਰਾਤ ਕਰੀਬ 11 ਵਜੇ ਬਰਨਾਲਾ ਦੀ ਧਰਤੀ ਵਿਖੇ ਪਹੁੰਚਿਆ | ਜਿੱਥੇ ਵੱਡੀ ਗਿਣਤੀ ਸੰਗਤਾਂ ਵਲੋਂ ਇਸ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ ਗਿਆ | ਗੱਲਬਾਤ ਕਰਦਿਆਂ ਅੰਤਰਿੰਗ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਅੱਜ ਬਹੁਤ ਵੱਡਾ ਦਿਨ ਹੈ ਕਿ ਇਹ ਨਗਰ ਕੀਰਤਨ ਜੋ ਕਿ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ, ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬਰਨਾਲਾ ਦੀ ਧਰਤੀ 'ਤੇ ਪਹੁੰਚਿਆ ਹੈ ਅਤੇ ਰਾਤ ਦੀ ਪ੍ਰਵਾਹ ਨਾ ਕਰਦੇ ਹੋਏ ਸੰਗਤਾਂ ਵਲੋਂ ਇਸ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਨਗਰ ਕੀਰਤਨ ਆਸਾਮ ਤੋਂ ਚੱਲ ਕੇ ਵੱਖ-ਵੱਖ ਸੂਬਿਆਂ ਅਤੇ ਜ਼ਿਲਿ੍ਹਆਂ ਵਿਚ ਹੁੰਦਾ ਹੋਇਆ ਬਰਨਾਲਾ ਦੀ ਧਰਤੀ ਦੇ ਪਹੁੰਚਿਆ ਹੈ | ਰਾਤ ਹੰਡਿਆਇਆ ਪਾਤਸ਼ਾਹੀ ਨੌਵੀਂ ਵਿਖੇ ਇਸ ਨਗਰ ਕੀਰਤਨ ਦਾ ਠਹਿਰਾਅ ਅਤੇ ਸਵੇਰੇ ਰਵਾਨਗੀ ਹੋਵੇਗੀ | ਇਸ ਮੌਕੇ ਜਥੇਦਾਰ ਜਰਨੈਲ ਸਿੰਘ ਭੋਤਨਾ, ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ, ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਕੌਂਸਲਰ ਦੀਪਿਕਾ ਸ਼ਰਮਾ, ਹਰਦੇਵ ਸਿੰਘ ਲੀਲਾ ਬਾਜਵਾ, ਗਿ: ਕਰਮ ਸਿੰਘ ਭੰਡਾਰੀ, ਅਜੈਬ ਸਿੰਘ ਜਵੰਦਾ, ਕੌਂਸਲਰ ਮਲਕੀਤ ਸਿੰਘ ਮਨੀ, ਰਜਿੰਦਰ ਸਿੰਘ ਦਰਾਕਾ ਆਦਿ ਹਾਜ਼ਰ ਸਨ |